ਤਰਕਸ਼ੀਲ ਸੁਸਾਇਟੀ ਵੱਲੋਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਬਹਾਲ ਕਰਨ ਦੀ ਮੰਗ
ਤਰਕਸ਼ੀਲ ਸੁਸਾਇਟੀ ਪੰਜਾਬ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਵੱਲੋਂ ਕੌਮਾਂਤਰੀ ਪ੍ਰਸਿੱਧੀ ਹਾਸਲ ਵਿਦਵਾਨਾਂ ਦੀਆਂ 25 ਕਿਤਾਬਾਂ ਉੱਪਰ ਲਗਾਈ ਪਾਬੰਦੀ ਤੇ ਜ਼ਬਤ ਕਰਨ ਦੇ ਹੁਕਮਾਂ ਨੂੰ ਗ਼ੈਰ ਸੰਵਿਧਾਨਿਕ ਕਰਾਰ ਦਿੰਦਿਆਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਆਂ ਅਤੇ ਇਨ੍ਹਾਂ ਆਦੇਸ਼ਾਂ ਨੂੰ ਫੌਰੀ ਰੱਦ ਕਰਨ ਦੀ ਮੰਗ ਕੀਤੀ।
ਮਾਸਟਰ ਰਾਜਿੰਦਰ ਭਦੌੜ, ਰਾਜਪਾਲ ਬਠਿੰਡਾ ਨੇ ਦੱਸਿਆ ਕਿ ਇਹ ਪੁਸਤਕਾਂ ਬੁੱਕਰ ਇਨਾਮ ਜੇਤੂ ਵਿਸ਼ਵ ਪ੍ਰਸਿੱਧ ਲੇਖਿਕਾ ਅਰੁੰਧਤੀ ਰੌਏ, ਤਾਰਿਕ ਅਲੀ, ਏ.ਜੇ. ਨੂਰਾਨੀ, ਅਨੁਰਾਧਾ ਭਸੀਨ ਵਰਗੇ ਉੱਘੇ ਲੇਖਕਾਂ, ਵਿਦਵਾਨਾਂ, ਸੰਪਾਦਕਾਂ ਅਤੇ ਇਤਿਹਾਸਕਾਰਾਂ ਦੀਆਂ ਲਿਖੀਆਂ ਹੋਈਆਂ ਹਨ। ਤਰਕਸ਼ੀਲ ਸੁਸਾਇਟੀ ਨੇ ਸਮੂਹ ਲੋਕ ਪੱਖੀ ਅਤੇ ਇਨਸਾਫ਼ਪਸੰਦ ਜਮਹੂਰੀ ਤਾਕਤਾਂ ਨੂੰ ਇਸ ਫਾਸ਼ੀਵਾਦੀ ਫਰਮਾਨ ਦਾ ਡੱਟ ਕੇ ਵਿਰੋਧ ਕਰਨ ਦੀ ਅਪੀਲ ਕਰਦਿਆਂ ਜ਼ੋਰਦਾਰ ਮੰਗ ਕੀਤੀ ਕਿ ਜੰਮੂ-ਕਸ਼ਮੀਰ ਪ੍ਰਸ਼ਾਸਨ ਇਹ ਗ਼ੈਰ ਜਮਹੂਰੀ ਪਾਬੰਦੀ ਵਾਪਸ ਲਏ, ਵਿਚਾਰ ਪ੍ਰਗਟਾਵੇ ਦੇ ਹੱਕ ਉੱਪਰ ਹਮਲੇ ਬੰਦ ਕੀਤੇ ਜਾਣ ਅਤੇ ਕਸ਼ਮੀਰੀ ਲੋਕਾਂ ਦਾ ਸਵੈਨਿਰਣੇ ਦਾ ਹੱਕ ਤਸਲੀਮ ਕਰਦੇ ਹੋਏ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਬਹਾਲ ਕੀਤਾ ਜਾਵੇ।
ਇਸ ਮੌਕੇ ਸੂਬਾ ਕਮੇਟੀ ਆਗੂ ਹੇਮ ਰਾਜ ਸਟੈਨੋਂ, ਰਾਜੇਸ਼ ਅਕਲੀਆ, ਰਾਮ ਸਵਰਨ ਲੱਖੇਵਾਲੀ, ਜਸਵੰਤ ਮੁਹਾਲੀ, ਗੁਰਪ੍ਰੀਤ ਸ਼ਹਿਣਾ, ਸੁਖਵਿੰਦਰ ਬਾਗਪੁਰ, ਜੋਗਿੰਦਰ ਕੁੱਲੇਵਾਲ, ਸੁਰਜੀਤ ਟਿੱਬਾ,ਜੁਝਾਰ ਲੌਂਗੋਵਾਲ, ਕੁਲਜੀਤ ਡੰਗਰਖੇੜਾ ਅਤੇ ਮੋਹਨ ਬਡਲਾ ਵੀ ਹਾਜ਼ਰ ਸਨ।