ਰਾਜ ਸਭਾ ਮੈਂਬਰ ਗੁਪਤਾ ਦੀ ਅਡਾਨੀ ਨਾਲ ਮੁਲਾਕਾਤ
ਪੰਜਾਬ ਤੋਂ ਨਵੇਂ ਚੁਣੇ ਗਏ ਰਾਜ ਸਭਾ ਮੈਂਬਰ ਤੇ ਉਦਯੋਗਪਤੀ ਰਜਿੰਦਰ ਗੁਪਤਾ ਨੇ ਲੰਘੇ ਦਿਨੀਂ ਅਹਿਮਦਾਬਾਦ ’ਚ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਮੁਲਕ ਦੇ ਉਦਯੋਗਿਕ ਵਿਕਾਸ, ਨਵੀਨਤਾ ਅਤੇ ਦੇਸ਼ ਦੇ ਵਿਕਾਸ ਵਿੱਚ ਨਿੱਜੀ ਖੇਤਰ ਦੀ ਵਧਦੀ ਭੂਮਿਕਾ ’ਤੇ ਦੋਵਾਂ ਆਪਸੀ ਵਿਚਾਰ ਵਟਾਦਰਾਂ ਕੀਤਾ। ਗੁਪਤਾ ਨੇ ਅਡਾਨੀ ਨਾਲ ਸੂਬੇ ’ਚ ਨਿਵੇਸ਼ ਸਬੰਧੀ ਚਰਚਾ ਕੀਤੀ ਤਾਂ ਜੋ ਸੂਬੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਸਾਧਨ ਪੈਦਾ ਹੋ ਸਕਣ। ਟਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ ਪਦਮਸ੍ਰੀ ਗੁਪਤਾ ਨੇ ਸੋਸ਼ਲ ਮੀਡੀਆ ’ਤੇ ਅਡਾਨੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਵਿਜ਼ਨ ਦੇਸ਼ ਦੀ ਤਰੱਕੀ ਨੂੰ ਬੁਲੰਦੀਆਂ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਦੂਰਦਰਸ਼ੀ ਆਗੂਆਂ ਨਾਲ ਗੱਲਬਾਤ ਕਰਨਾ ਜੋ ਨਾ ਸਿਰਫ਼ ਇੱਕ ਮਜ਼ਬੂਤ ਭਾਰਤ ਦਾ ਸੁਪਨਾ ਦੇਖਦੇ ਹਨ, ਸਗੋਂ ਇੱਕ ਸਵੈ-ਨਿਰਭਰ ਅਤੇ ਖੁਸ਼ਹਾਲ ਭਾਰਤ ਬਣਾਉਣ ਲਈ ਠੋਸ ਕਦਮ ਵੀ ਚੁੱਕਦੇ ਹਨ। ਗੁਪਤਾ ਨਾ ਸਿਰਫ਼ ਸਫਲ ਉਦਯੋਗਪਤੀ ਹਨ, ਸਗੋਂ ਇੱਕ ਸਮਾਜਸੇਵੀ ਵੀ ਹਨ। ਉਹ ਸਿਹਤ, ਸਿੱਖਿਆ, ਤਕਨੀਕੀ ਤਾਲੀਮ ਅਤੇ ਰੋਜ਼ਗਾਰ ਸਿਰਜਣਾ ਦੇ ਖੇਤਰਾਂ ਵਿੱਚ ਖ਼ਾਸ ਕਰਕੇ ਪਿੰਡਾਂ ਦੀਆਂ ਮਹਿਲਾਵਾਂ ਅਤੇ ਨੌਜਵਾਨਾਂ ਲਈ ਉਪਰਾਲੇ ਕਰ ਰਹੇ ਹਨ।
