ਮੰਡੀਆਂ ’ਚ ਵਿਕ ਰਿਹੈ ਰਾਜਸਥਾਨ ਦਾ ਝੋਨਾ
ਕਿਸਾਨਾਂ ਨੇ ਗੋਨਿਆਣਾ ਖੇਤਰ ਦੀਆਂ ਮੰਡੀਆਂ ਵਿੱਚ ਰਾਜਸਥਾਨ ਦਾ ਵੇਚਣ ਦਾ ਵਿਰੋਧ ਕੀਤਾ ਹੈ। ਪਿੰਡ ਅਬਲੂ (ਕੋਟਲੀ) ਅਤੇ ਜੰਡਾਂਵਾਲਾ ਦੇ ਖਰੀਦ ਕੇਂਦਰਾਂ ਵਿੱਚ ਲਗਪਗ 3 ਹਜ਼ਾਰ ਗੱਟੇ ਬਾਹਰੋਂ ਆਏ ਝੋਨੇ ਦੇ ਪੁੱਜਣ ਨਾਲ ਮੰਡੀਆਂ ਵਿੱਚ ਤਣਾਅ ਦਾ ਮਾਹੌਲ ਬਣ ਗਿਆ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਇਹ ਝੋਨਾ ਚੋਰ ਮੋਰੀਆਂ ਰਾਹੀਂ ਰਾਜਸਥਾਨ ਦੇ ਹਨੂਮਾਨਗੜ੍ਹ ਇਲਾਕੇ ਤੋਂ ਲਿਆਇਆ ਗਿਆ ਹੈ ਜਿਸ ਨਾਲ ਸਥਾਨਕ ਕਿਸਾਨਾਂ ਦੀ ਫ਼ਸਲ ਦੇ ਨੁਕਸਾਨ ਦੀ ਸੰਭਾਵਨਾ ਹੈ। ਦੂਜੇ ਪਾਸੇ ਮਾਰਕੀਟ ਕਮੇਟੀ ਨੇ ਕਿਸਾਨਾਂ ਦੇ ਵਿਰੋਧ ਕਾਰਨ ਆੜ੍ਹਤੀਆ ਫਰਮ ਖ਼ਿਲਾਫ਼ ਕਾਰਵਾਈ ਕਰ ਦਿੱਤੀ ਹੈ। ਬੀਕੇਯੂ (ਉਗਰਾਹਾਂ) ਦੇ ਆਗੂ ਕੁਲਵਿੰਦਰ ਸਿੰਘ, ਦਰਸ਼ਨ ਸਿੰਘ, ਰੇਸ਼ਮ ਸਿੰਘ ਅਤੇ ਬੀਕੇਯੂ (ਕ੍ਰਾਂਤੀਕਾਰੀ) ਦੇ ਆਗੂ ਮਨਪ੍ਰੀਤ ਸਿੰਘ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਅਤੇ ਸਕੱਤਰ ਕੋਲ ਮੰਡੀਆਂ ਵਿੱਚ ਨਾਜਾਇਜ਼ ਝੋਨਾ ਵਿਕਣ ਦਾ ਮਾਮਲਾ ਸਾਹਮਣੇ ਲਿਆਂਦਾ ਸੀ। ਅਬਲੂ ਪਿੰਡ ਦੇ ਕਿਸਾਨ ਗੁਰਦੇਵ ਸਿੰਘ, ਕੁਲਵੰਤ ਸਿੰਘ ਨੇ ਮੰਡੀ ਵਿੱਚ ਪਹੁੰਚ ਕੇ ਵਿਰੋਧ ਕੀਤਾ। ਬੀਕੇਯੂ ਉਗਰਾਹਾਂ ਦੇ ਸੂਬਾ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਬਾਹਰੀ ਰਾਜਾਂ ਤੋਂ ਝੋਨੇ ਦੀ ਆਮਦ ’ਤੇ ਪਾਬੰਦੀ ਨਾ ਲਗਾਈ ਤਾਂ ਸੰਘਰਸ਼ ਕੀਤਾ ਜਾਵੇਗਾ।
ਮਾਰਕੀਟ ਕਮੇਟੀ ਵੱਲੋਂ ਫਰਮ ਦਾ ਲਾਇਸੈਂਸ ਰੱਦ
Advertisementਮਾਰਕੀਟ ਕਮੇਟੀ ਸਕੱਤਰ ਵੱਲੋਂ ਗੋਨਿਆਣੇ ਦੀ ‘ਦੀਪਕ ਐਂਡ ਕੰਪਨੀ’ ਫਰਮ ਦਾ ਲਾਈਸੈਂਸ ਤੁਰੰਤ ਰੱਦ ਕਰ ਦਿੱਤਾ ਗਿਆ। ਉਨ੍ਹਾਂ ਪੁਸ਼ਟੀ ਕਰਦੇ ਦੱਸਿਆ ਕਿ ਥਾਣਾ ਨੇਹੀਆਂ ਵਾਲਾ ਪੁਲੀਸ ਨੂੰ ਸ਼ਿਕਾਇਤ ਭੇਜੀ ਗਈ। ਇਸ ਮਾਮਲੇ ਦੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।