ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਾਨਸਾ ਦੇ ਗਲੀ-ਮੁਹੱਲਿਆਂ ’ਚ ਭਰਿਆ ਮੀਂਹ ਦਾ ਪਾਣੀ

ਰਾਹਗੀਰਾਂ ਨੂੰ ਕਰਨਾ ਪਿਆ ਸਮੱਸਿਆਵਾਂ ਦਾ ਸਾਹਮਣਾ; ਬਠਿੰਡਾ ’ਚ ਇਕ ਮਿਲੀਮੀਟਰ ਮੀਂਹ ਪਿਆ
ਮਾਨਸਾ ਦੇ ਵੀਰ ਨਗਰ ਮੁਹੱਲੇ ’ਚ ਭਰਿਆ ਮੀਂਹ ਦਾ ਪਾਣੀ। -ਫੋਟੋ: ਸੁਰੇਸ਼
Advertisement

ਮਾਲਵਾ ਖੇਤਰ ’ਚ ਮੀਂਹ ਦੀ ਅੱਜ ਟੁੱਟਵੀਂ ਕਾਰਵਾਈ ਰਹੀ। ਜ਼ਿਆਦਾਤਰ ਕਾਰਵਾਈ ਹਲਕੀ ਸੀ, ਪਰ ਕੁਝ ਥਾਈਂ ਹਲਕੀ ਵਰਖਾ ਨੋਟ ਕੀਤੀ ਗਈ। ਅੱਜ ਬਾਅਦ ਦੁਪਹਿਰ ਤੱਕ ਬਠਿੰਡਾ ’ਚ ਸਿਰਫ 1 ਮਿਲੀਮੀਟਰ ਵਰਖਾ ਨੋਟ ਕੀਤੀ ਗਈ। ਪੂਰਾ ਦਿਨ ਅੱਜ ਮਾਲਵੇ ’ਚ ਸੰਘਣੀ ਬੱਦਲਵਾਈ ਰਹੀ, ਜਦ ਕਿ ਬਾਅਦ ਦੁਪਹਿਰ ਕਾਲ਼ੀਆਂ ਘਟਾਵਾਂ ਨੇ ਅਸਮਾਨ ਵਿੱਚ ਆਣ ਡੇਰੇ ਲਾਏ।

ਇਸ ਦੇ ਨਾਲ ਆਈਐਮਡੀ ਦੀ ਰਿਪੋਰਟ ਦੇ ਆਧਾਰ ’ਤੇ ਜਾਰੀ ਹੋਏ ਮੌਸਮੀ ਬੁਲੇਟਿਨ ’ਚ ਆਗਾਮੀ ਪੰਜ ਦਿਨਾਂ ਦੌਰਾਨ ਵੀ ਵਰਖਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਨ੍ਹਾਂ ਦਿਨਾਂ ’ਚ ਵੱਧ ਤੋਂ ਵੱਧ ਤਾਪਮਾਨ 28 ਤੋਂ 31 ਅਤੇ ਘੱਟ ਤੋਂ ਘੱਟ 23 ਤੋਂ 26 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਸੰਭਾਵਨਾ ਇਹ ਵੀ ਜਿਤਾਈ ਗਈ ਹੈ ਦੱਸੇ ਦਿਨਾਂ ਵਿੱਚ ਬਹੁਤ ਭਾਰੀ ਬਾਰਿਸ਼ ਦੇ ਨਾਲ ਝੱਖੜ ਅਤੇ ਤੇਜ਼ ਹਵਾਵਾਂ ਵਗ ਸਕਦੀਆਂ ਹਨ। ਕਿਸਾਨਾਂ ਨੂੰ ਬਰਸਾਤੀ ਮੌਸਮ ਦੌਰਾਨ ਖੇਤਾਂ ਵਿੱਚੋਂ ਵਾਧੂ ਪਾਣੀ ਬਾਹਰ ਕੱਢਣ ਦੀ ਸਲਾਹ ਦਿੱਤੀ ਗਈ ਹੈ। ਦੂਜੇ ਪਾਸੇ ਗ਼ੈਰ ਸਰਕਾਰੀ ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਅਗਲੇ ਦਿਨੀਂ ਮੌਸਮ ’ਚ ਸੁਧਾਰ ਆਉਣ ਦੇ ਆਸਾਰ ਹਨ, ਜਿਸ ਤਹਿਤ ਮੀਂਹ ਪੈਣ ਦੀਆਂ ਕਾਰਵਾਈਆਂ ਨੂੰ ਠੱਲ੍ਹ ਪਵੇਗੀ ਅਤੇ ਮੌਸਮ ਖ਼ੁਸ਼ਕ ਰਹਿਣ ਦੀ ਉਮੀਦ ਹੈ। ਦੂਜੇ ਪਾਸੇ ਅੱਜ ਮਾਨਸਾ ਵਿਚ ਮੀਂਹ ਨੇ ਸ਼ਹਿਰ ਨੂੰ ਜਲ-ਥਲ ਕਰ ਦਿੱਤਾ। ਗਲੀਆਂ ਨਾਲੀਆਂ, ਮੁੱਖ ਬਜ਼ਾਰਾਂ, ਰਸਤੇ ਪਾਣੀ ਵਿਚ ਘਿਰ ਗਏ ਅਤੇ ਮੀਂਹ ਦੇ ਪਾਣੀ ਨਾਲ ਆਮ ਜਨ ਜੀਵਨ ਅਤੇ ਬਜਾਰਾਂ ਦਾ ਕਾਰੋਬਾਰ ਵੀ ਠੱਪ ਰਿਹਾ। ਬਹੁਤੀਆਂ ਦੁਕਾਨਾਂ ਵੀ ਬੰਦ ਰਹੀਆਂ। ਮਾਨਸਾ ਦੇ ਬੱਸ ਸਟੈਂਡ ਨੇੜੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ਵਿੱਚ ਭਰੇ ਪਾਣੀ ਨੇ ਛੱਪੜ ਦਾ ਰੂਪ ਧਾਰ ਲਿਆ। ਕੁਝ ਵਾਰਡਾਂ ਅੰਦਰ ਕੱਲ੍ਹ ਮੁੱਖ ਮਾਰਗ ’ਤੇ ਲਾਏ ਧਰਨੇ ਤੋਂ ਬਾਅਦ ਅੱਜ ਨਗਰ ਕੌਂਸਲ ਵਲੋਂ ਪਾਣੀ ਕੱਢਣ ਦੀ ਚਲਾਈ ਮੁਹਿੰਮ ਵੀ ਮੀਂਹ ਦੀ ਭੇਟ ਚੜ੍ਹ ਗਈ ਅਤੇ ਇਹ ਕੰਮ ਵੀ ਨਾ ਹੋ ਸਕਿਆ। ਸ਼ਹਿਰ ਦਾ ਸਿਨੇਮਾ ਰੋਡ, ਵਾਰਡ ਨੰ: 7 ਅਤੇ 8 ਤੋਂ ਇਲਾਵਾ ਅੰਡਰਬਿ੍ਰਜ, ਬਾਬਾ ਭਾਈ ਗੁਰਦਾਸ ਰੋਡ ਆਦਿ ਸੜਕਾਂ ਵੀ ਪਾਣੀ ਨਾਲ ਭਰ ਗਈਆਂ, ਜਿਸ ਨਾਲ ਅਵਾਜਾਈ ਵੀ ਪ੍ਰਭਾਵਤ ਹੋਈ। ਅੰਡਰਬ੍ਰਿਜ ਵਿਚ ਪਾਣੀ ਭਰਨ ਨਾਲ ਅਤੇ ਰੇਲਵੇ ਫਾਟਕ ਜਿਆਦਾ ਸਮਾਂ ਬੰਦ ਰਹਿਣ ਕਾਰਨ ਟਰੈਫਿਕ ਨੂੰ ਲੈਕੇ ਵੀ ਸਮੱਸਿਆਵਾਂ ਵਧ ਰਹੀਆਂ ਹਨ।

Advertisement

Advertisement
Show comments