ਮੀਂਹ ਦੀ ਮਾਰ: ਨਰਮੇ ਦਾ ਝਾੜ ਘਟਣ ਕਾਰਨ ਪਰਵਾਸੀ ਮਜ਼ਦੂਰ ਵੀ ਪ੍ਰੇਸ਼ਾਨ
ਮਾਲਵੇ ਵਿੱਚ ਇਸ ਵਾਰ ਪਏ ਮੀਂਹਾਂ ਦੀ ਮਾਰ ਦਾ ਅਸਰ ਪਰਵਾਸੀ ਮਜ਼ਦੂਰਾਂ ’ਤੇ ਵੀ ਪੈਣ ਲੱਗਾ ਹੈ। ਮਾਲਵੇ ’ਚ ਵੱਡੀ ਪੱਧਰ ਉਤੇ ਬਾਹਰਲੇ ਰਾਜਾਂ ਤੋਂ ਮਜ਼ਦੂਰ ਪਰਿਵਾਰਾਂ ਸਮੇਤ ਨਰਮਾ ਪੱਟੀ ਵਿੱਚ ਪਹੁੰਚ ਰਹੇ ਹਨ ਪਰ ਬੇਮੁਹਾਰੇ ਮੀਂਹਾਂ ਕਾਰਨ ਨਰਮੇ ਦੇ ਘਟੇ ਝਾੜ ਨੇ, ਉਨ੍ਹਾਂ ਦੇ ਸੁਫ਼ਨਿਆਂ ਨੂੰ ਚਕਨਾ ਚੂਰ ਕਰ ਦਿੱਤਾ ਹੈ। ਇਥੇ ਗੁਆਂਢੀ ਰਾਜਾਂ ਤੋਂ ਮਜ਼ਦੂਰ ਹਰ ਸਾਲ ਨਰਮਾ ਚੁਗਣ ਆਉਂਦੇ ਹਨ। ਇਹ ਪਰਵਾਸੀ ਮਜ਼ਦੂਰ ਕਿਸਾਨਾਂ ਦੇ ਸਾਰਾ ਨਰਮਾ ਚੁਗਾਕੇ ਅਤੇ ਟੀਂਡਿਆਂ ਵਿਚਲਾ ਨਰਮਾ ਕੱਢ ਕੇ ਹੀ ਆਪਣੇ ਘਰਾਂ ਨੂੰ ਮੁੜਦੇ ਹਨ। ਜਿੱਥੋਂ ਕਿਤੇ ਕਿਸਾਨਾਂ ਨਾਲ ਇਹ ਪਰਵਾਸੀ ਮਜ਼ਦੂਰਾਂ ਦੀ ਨੇੜਤਾ ਕਾਇਮ ਹੋ ਜਾਂਦੀ ਹੈ, ਉਥੇ ਇਹ ਅਗਲੇ ਸਾਲ ਲਈ ‘ਚੁਗਾਈ ਸਮਝੌਤਾ’ ਕਰਕੇ ਛੁੱਟੀਆਂ ਲੈ ਜਾਂਦੇ ਹਨ।
ਮਾਲਵਾ ਖੇਤਰ ਵਿਚ ਦਿੱਲੀ ਵਾਲੇ ਪਾਸਿਓਂ ਦੋ ਹਫ਼ਤਿਆਂ ਤੋਂ ਆਉਂਦੀਆਂ ਰੇਲ ਗੱਡੀਆਂ ਵਿਚੋਂ ਹਰ ਰੋਜ਼ ਪਰਿਵਾਰਾਂ ਦੇ ਪਰਿਵਾਰ ਟੋਲੀਆਂ ਦੇ ਰੂਪ ’ਚ ਰੇਲਵੇ ਸਟੇਸ਼ਨਾਂ ਉੱਤੇ ਉਤਰ ਰਹੇ ਹਨ, ਪਰ ਇਨ੍ਹਾਂ ਪਰਵਾਸੀ ਮਜ਼ਦੂਰਾਂ ਨੂੰ ਲਿਜਾਣ ਵਾਲੇ ਕਿਸਾਨਾਂ ਵਿਚ ਇਸ ਵਾਰ ਪਹਿਲਾਂ ਜਿੰਨਾ ਚਾਅ ਨਹੀਂ ਹੈ। ਵੈਸੇ ਕੁਝ ਪਿੰਡਾਂ ਤੋਂ ਕਿਸਾਨ ਏਨਾ ਪਰਵਾਸੀ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਪ੍ਰਤੀ ਕੁਇੰਟਲ ਰੇਟ ਤੈਅ ਕਰਕੇ ਆਪਣੇ ਘਰਾਂ ਨੂੰ ਲੈ ਕੇ ਜਾ ਤਾਂ ਰਹੇ ਹਨ, ਪਰ ਉਨ੍ਹਾਂ ਦਾ ਹੌਸਲਾ ਫ਼ਸਲ ਨੂੰ ਵੇਖ ਕੇ ਘੱਟ ਪੈ ਰਿਹਾ ਹੈ। ਉਂਝ ਇਹ ਵੀ ਵੇਖਿਆ ਗਿਆ ਹੈ ਕਿ ਇਸ ਵਾਰ ਇਹ ਪਰਵਾਸੀ ਮਜ਼ਦੂਰ, ਕਿਸਾਨਾਂ ਤੋਂ ਮਰੀ ਫ਼ਸਲ ਬਾਰੇ ਸੁਣ ਕੇ ਭੈਅ-ਭੀਤ ਹੋ ਰਹੇ ਹਨ।
ਕਿਸਾਨ ਗਿਆਨੀ ਗੁਰਬਚਨ ਸਿੰਘ ਘਰਾਂਗਣਾ ਨੇ ਦੱਸਿਆ ਕਿ ਇਸ ਵਾਰ ਨਰਮੇ ਦੀ ਫ਼ਸਲ ਮੀਂਹਾਂ ਕਾਰਨ ਘਟੇ ਝਾੜ ਤੋਂ ਬਾਅਦ ਪਰਵਾਸੀ ਮਜ਼ਦੂਰਾਂ ਨੂੰ ਸ਼ਹਿਰਾਂ ਤੋਂ ਪਿੰਡਾਂ ਵਿਚ ਤਾਂ ਲਿਆਂਦਾ ਜਾ ਰਿਹਾ ਹੈ, ਪਰ ਇਨ੍ਹਾਂ ਮਜ਼ਦੂਰਾਂ ਦਾ ਵੀ ਖੇਤਾਂ ਵਿੱਚ ਖੜ੍ਹਾ ਨਰਮਾ ਵੇਖ ਕੇ ਹੌਂਸਲਾ ਨਹੀਂ ਪੈ ਰਿਹਾ ਹੈ। ਉਹ ਘਰਾਂ ਨੂੰ ਵੀ ਮੁੜ ਨਹੀਂ ਸਕਦੇ ਹਨ, ਕਿਉਂਕਿ ਪਿੱਛੇ ਜਾ ਕੇ ਕਿਹੜਾ ਮਜ਼ਦੂਰੀ ਦਾ ਕੋਈ ਜੁਗਾੜ ਹੋ ਸਕੇਗਾ।
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਦਰਸ਼ਨ ਸਿੰਘ ਗੁਰਨੇ ਅਤੇ ਪਿੰਡ ਫਫੜੇ ਭਾਈਕੇ ਦੇ ਸਾਬਕਾ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਪਰਵਾਸੀ ਮਜ਼ਦੂਰ ਘਰੋਂ ਰੋਜ਼ੀ-ਰੋਟੀ ਲਈ ਬੜੀਆਂ ਆਸਾਂ ਲੈ ਕੇ ਨਿਕਲੇ ਸਨ, ਪਰ ਮੀਂਹਾਂ ਨੇ ਕਿਸਾਨਾਂ ਦੇ ਨਾਲ-ਨਾਲ ਇਹਨਾਂ ਦੇ ਸੁਪਨਿਆਂ ਨੂੰ ਵੀ ਮਸਲ ਧਰਿਆ ਹੈ।