ਮੀਂਹ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾਈਆਂ
ਜ਼ਿਲ੍ਹਾ ਪ੍ਰਸ਼ਾਸਨ ਨੇ ਘੱਗਰ ਦੇ ਪਾਣੀ ਦੇ ਪੱਧਰ ਨੂੰ ਲੈ ਕੇ ਪੂਰੀ ਤਰ੍ਹਾਂ ਸੁਚੇਤ ਹੋਣ ਦਾ ਦਾਅਵਾ ਕੀਤਾ ਹੈ ਉਥੇ ਹੀ ਪਿਛਲੇ ਤਿੰਨ ਦਿਨਾਂ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਨੇ ਘੱਗਰ ਦੇ ਬੰਨ੍ਹਾਂ ਦੀ ਰਾਖੀ ਕਰ ਰਹੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਪਿੰਡਾਂ ਦੀਆਂ ਮਹਿਲਾਵਾਂ ਸਮੇਤ ਲੋਕ ਦਿਨ ਰਾਤ ਘੱਗਰ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ’ਤੇ ਲੱਗੇ ਹੋਏ ਹਨ। ਮੀਂਹ ਕਾਰਨ ਮਿੱਟੀ ਬੰਨ੍ਹਾਂ ’ਤੇ ਨਾ ਪੈਣ ਕਾਰਨ ਹੁਣ ਮਿੱਟੀ ਦੇ ਗੱਟੇ ਭਰ ਕੇ ਬੰਨ੍ਹਾਂ ’ਤੇ ਲਾਉਣ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ। ਘੱਗਰ ਦਾ ਅੰਦਰਲੇ ਆਰਜ਼ੀ ਬੰਨ੍ਹ ਟੁੱਟਣ ਕਾਰਨ ਕਰੀਬ ਪੰਜ ਸੌ ਤੋਂ ਜ਼ਿਆਦਾ ਕਿੱਲੇ ਫ਼ਸਲ ਨੁਕਸਾਨੀ ਜਾ ਚੁੱਕੀ ਹੈ। ਜਾਣਕਾਰੀ ਅਨੁਸਾਰ ਸਰਦੂਲਗੜ੍ਹ ਦੇ ਨੇੜੇ 22 ਹਜ਼ਾਰ ਕਿਊਸਿਕ ਪਾਣੀ ਚਲ ਰਿਹਾ ਹੈ ਜਦੋਂਕਿ ਓਟੂ ਵੀਅਰ ਡਾਊਨਸਟਰੀਮ ਤੋਂ ਰਾਜਸਥਾਨ ਨੂੰ 26 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਘੱਗਰ ਦੇ ਓਟੂ ਵੀਅਰ ਤੋਂ ਨਿਕਲਣ ਵਾਲੀਆਂ ਨਹਿਰਾਂ ਵਿੱਚ ਵੀ ਪਾਣੀ ਛੱਡਿਆ ਜਾ ਰਿਹਾ ਹੈ। ਇਸ ਸਮੇਂ ਘੱਗਰ ਵਿੱਚ ਪਾਣੀ ਦਾ ਪੱਧਰ ਭਾਵੇਂ ਕੁੱਝ ਘੱਟ ਗਿਆ ਹੈ, ਪਰ ਲਗਾਤਾਰ ਪੈ ਰਹੇ ਮੀਂਹ ਕਾਰਨ ਲੋਕਾਂ ਦੀਆਂ ਮੁਸ਼ਕਲਾਂ ’ਚ ਵਾਧਾ ਹੋਇਆ ਹੈ। ਘੱਗਰ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ’ਚ ਲੱਗੇ ਲੋਕਾਂ ਨੂੰ ਵੀ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿੱਟੀ ਗਿੱਲੀ ਹੋਣ ਕਾਰਨ ਬੰਨ੍ਹਾਂ ’ਤੇ ਪਾਉਣੀ ਔਖੀ ਹੋ ਗਈ ਹੈ ਜਿਸ ਮਗਰੋਂ ਹੁਣ ਮਿੱਟੀ ਦੇ ਗੱਟੇ ਭਰ ਕੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਪਿੰਡ ਬੂਢਾਭਾਣਾ ਨੇਜੇਡੇਲਾ ਕਲਾਂ ਆਦਿ ਦੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਕੋਈ ਸਹਾਇਤਾ ਨਹੀਂ ਕੀਤੀ ਜਾ ਰਹੀ। ਲੋਕ ਆਪਣੇ ਪੱਧਰ ’ਤੇ ਬੰਨ੍ਹਾਂ ਨੂੰ ਮਜ਼ਬੂਤ ਕਰ ਰਹੇ ਹਨ ਜਦੋਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਦਾਆਵਾ ਹੈ ਕਿ ਅਧਿਕਾਰੀ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਸਖ਼ਤ ਪ੍ਰਬੰਧ ਕਰਨ ਵਿੱਚ ਲੱਗਾ ਹੋਇਆ ਹੈ।-ਜਗਤਾਰ ਸਮਾਲਸਰ