ਮੀਂਹ ਨੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਰੋਕਿਆ
ਪਹਾੜੀ ਇਲਾਕਿਆਂ ’ਚੋਂ ਦੋ ਦਿਨਾਂ ਦੌਰਾਨ ਮੀਂਹ ਦਾ ਪਾਣੀ ਘਟਣ ਕਰਕੇ ਅਤੇ ਅੱਜ ਘੱਗਰ ਵਿੱਚ ਪਾਣੀ ਹੋਰ ਹੇਠਾਂ ਆਉਣ ਕਾਰਨ ਭਾਵੇਂ ਲੋਕਾਂ ਦੀ ਚਿੰਤਾ ਘਟ ਗਈ ਹੈ, ਪਰ ਵੱਡੇ ਤੜਕੇ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਘੱਗਰ ਦੁਆਲੇ ਵਸੇ ਲੋਕਾਂ ਨੂੰ ਨਵੇਂ ਸਿਰੇ ਤੋਂ ਫ਼ਿਕਰਾਂ ਵਿੱਚ ਡੋਬ ਦਿੱਤਾ ਹੈ। ਸਾਰਾ ਦਿਨ ਪੈਂਦੇ ਇਸ ਮੀਂਹ ਕਾਰਨ ਘੱਗਰ ਦੇ ਦੋਨੋਂ ਪਾਸੇ ਬੰਨ੍ਹਾਂ ਨੂੰ ਹੋਰ ਮਜ਼ਬੂਤ ਕਰਨ ਲਈ ਟਰੈਕਟਰਾਂ-ਟਰਾਲੀਆਂ ਰਾਹੀਂ ਸੁੱਟੀ ਜਾ ਰਹੀ ਮਿੱਟੀ ਦਾ ਕਾਰਜ ਅੱਜ ਵਿਚਾਲੇ ਰੋਕਣਾ ਪਿਆ।
ਬੇਸ਼ੱਕ ਘੱਗਰ ਵਿੱਚ ਚੱਲ ਰਿਹਾ ਪਾਣੀ ਘਟਣ ਤੋਂ ਬਾਅਦ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਹੈ, ਪਰ ਘੱਗਰ ਦੇ ਨਜ਼ਦੀਕੀ ਇਲਾਕਿਆਂ ਵਿੱਚ ਲੋਕਾਂ ਦੇ ਸਾਹ ਸੁੱਕਣੇ ਪਏ ਹੋਏ ਹਨ। ਨੇੜਲੇ ਪਿੰਡਾਂ ਦੇ ਲੋਕਾਂ ਨੇ ਅਜੇ ਵੀ ਆਪੋ-ਆਪਣਾ ਸਮਾਨ ਸਾਂਭਣਾ ਸ਼ੁਰੂ ਕੀਤਾ ਹੋਇਆ ਹੈ, ਜਿਨ੍ਹਾਂ ਨੂੰ ਹੜ੍ਹ ਆਉਣ ਦਾ ਖਦਸ਼ਾ ਲਗਾਤਾਰ ਸਤਾ ਰਿਹਾ ਹੈ। ਹੜ੍ਹਾਂ ਦੇ ਡਰ ਕਾਰਨ ਘੱਗਰ ਨੇੜਲੇ ਪਿੰਡ ਖੱਤਰੀਵਾਲਾ ਦੇ 40 ਤੋਂ ਵੱਧ ਪਰਿਵਾਰਾਂ ਨੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਸ਼ਰਨ ਲਈ ਹੋਈ ਹੈ, ਉਨ੍ਹਾਂ ਨੂੰ ਅੱਜ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਰਾਸ਼ਨ-ਪਾਣੀ ਮੁਹੱਈਆ ਕਰਵਾਇਆ ਹੈ। ਵਿਧਾਇਕ ਨੇ ਦੱਸਿਆ ਕਿ ਸਰਕਾਰ ਵੱਲੋਂ 2 ਕੁਇੰਟਲ ਕਣਕ, 2 ਕੁਇੰਟਲ ਚਾਵਲ, 40 ਕਿਲੋ ਘਿਓ, 40 ਕਿਲੋ ਦਾਲਾਂ ਦੀ ਵੰਡ ਅਤੇ 40 ਪੈਕਟ ਚਾਹ ਪੱਤੀ, 40 ਪੈਕਟ ਸੁੱਕੇ ਦੁੱਧ ਦੇ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡਾਂ ਵਿੱਚ ਮੀਂਹ ਦੇ ਪਾਣੀ ਕਾਰਨ ਹੜ੍ਹਾਂ ਵਰਗੀ ਸਥਿਤੀ ਬਣਨ ਦਾ ਡਰ ਹੈ, ਉਥੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦਾ ਰਹਿਣ ਬਸੇਬਾ ਕਰਨ ਦਾ ਬੰਦੋਬਸਤ ਕੀਤਾ ਹੋਇਆ ਹੈ।