ਮੀਂਹ ਕਾਰਨ ਲੜਕੀ ਦੇ ਵਿਆਹ ਲਈ ਜੋੜਿਆ ਸਾਮਾਨ ਖ਼ਰਾਬ
ਇਥੇ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬਾਰਸ਼ ਕਾਰਨ ਲੋਕਾਂ ਦਾ ਘਰੇਲੂ ਸਾਮਾਨ ਖਰਾਬ ਹੋ ਗਿਆ ਹੈ। ਗੁਰਮੇਲ ਸਿੰਘ ਵਾਰਡ ਨੰਬਰ-4 ਵਾਸੀ ਸ਼ਹਿਣਾ ਨੇ ਦੱਸਦਿਆਂ ਕਿਹਾ ਕਿ ਉਹ ਚਾਰ ਭਰਾ ਸਿਰਫ਼ ਢਾਈ ਵਿਸਵੇ ਥਾਂ ਵਿੱਚ ਗੁਜ਼ਾਰਾ ਕਰ ਰਹੇ ਹਨ। ਪੰਜਾਬ ਸਰਕਾਰ ਨੇ ਉਨ੍ਹਾਂ ਵੀ ਸਾਰ ਨਹੀਂ ਲਈ।
ਉਨ੍ਹਾਂ ਦੱਸਿਆ ਕਿ ਕਰੀਬ 8 ਸਾਲ ਪਹਿਲਾਂ ਉਸ ਘਰ ਅੱਗ ਲੱਗ ਗਈ ਸੀ। ਉਦੋਂ ਉਸ ਦੀ ਧੀ ਦੇ ਵਿਆਹ ਲਈ ਜੋੜਿਆ ਕੱਪੜਾ-ਲੀੜਾ ਅਤੇ ਨਗਦ ਰਾਸ਼ੀ ਸੁਆਹ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਹੁਣ ਉਸ ਦੇ ਭਰਾ ਦੀ ਬੇਟੀ ਦਾ ਵਿਆਹ ਸੀ। ਉਸ ਦੇ ਦਾਜ ਦਾ ਸਾਮਾਨ ਵੀ ਘਰ ਦੀਆਂ ਛੱਤਾਂ ਚੋਣ ਕਾਰਨ ਭਿੱਜ ਗਿਆ। ਲੜਕੀ ਦੀ ਮਾਂ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਨ੍ਹਾਂ ਭੱਠੇ ਤੇ ਮਜ਼ਦੂਰੀ ਕਰਕੇ ਧੀ ਲਈ ਦਾਜ ਦਾ ਸਾਮਾਨ ਜੋੜਿਆ ਸੀ ਜੋ ਬਾਰਸ਼ ਦੇ ਪਾਣੀ ਨਾਲ ਖ਼ਰਾਬ ਹੋ ਗਿਆ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਆਗੂ ਸਾਡੀ ਮੱਦਦ ਕਰਨ ਦੀ ਅਪੀਲ ਕਰਦੇ ਹਨ।
ਇਸੇ ਤਰ੍ਹਾਂ ਹੀ ਜਗਸੀਰ ਸਿੰਘ ਸੀਰਾ ਸਰਕਾਰੀ ਵਿਹੜਾਂ ਸ਼ਹਿਣਾ ਦੇ ਘਰ ਵਿੱਚ ਲੱਗੀਆਂ ਹੋਈਆਂ ਡਾਟਾ ਬਾਰਸ਼ ਦੇ ਪਾਣੀ ਨਾਲ ਪਾਟ ਗਈਆਂ ਹਨ। ਉਨ੍ਹਾਂ ਦੱਸਿਆ ਕਿ ਛੱਤਾਂ ਤੋਂ ਸੀਮਿੰਟ ਦੇ ਖਲੇਪੜ ਡਿੱਗ ਰਹੇ ਹਨ। ਉਨ੍ਹਾਂ ਦੱਸਿਆ ਕਿ ਉਸ ਦੇ ਪੁੱਤਰ ਦੀ ਅਚਾਨਕ ਮੌਤ ਹੋਈ ਨੂੰ ਕਰੀਬ ਇੱਕ ਮਹੀਨਾ ਹੀ ਹੋਇਆ ਹੈ ਜਿਸ ਦੇ ਚਾਰ ਬੱਚੇ ਹਨ ਜਿਨ੍ਹਾਂ ਦਾ ਪਾਲਣ ਪੋਸ਼ਣ ਕਰਨਾ ਬਹੁਤ ਮੁਸ਼ਕਲ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਇਸ ਮੌਕੇ ਸੁਖਵਿੰਦਰ ਸਿੰਘ ਧਾਲੀਵਾਲ ਸੂਬਾ ਸੈਕਟਰੀ ਕਿਸਾਨ ਸੈੱਲ (ਕਾਂਗਰਸ) ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਅਧਿਕਾਰੀ ਲੋਕਾਂ ਦੀ ਮਦਦ ਕਰਨ।