ਮੀਂਹ ਦੀ ਮਾਰ: ਫ਼ਸਲਾਂ ਦਸ ਪਿੰਡਾਂ ’ਚ ਖ਼ਰਾਬ, ਮੁਆਵਜ਼ਾ ਪੋਰਟਲ ਦੋ ਪਿੰਡਾਂ ਲਈ ਖੋਲ੍ਹਿਆ
ਨਾਥੂਸਰੀ ਚੌਪਟਾ ਬਲਾਕ ਵਿੱਚ ਮਾਨਸੂਨ ਦੇ ਮੀਂਹ ਕਾਰਨ ਖੇਤਾਂ ਵਿੱਚ ਪਾਣੀ ਭਰਨ ਨਾਲ 10 ਤੋਂ ਵੱਧ ਪਿੰਡਾਂ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਖੇਤੀਬਾੜੀ ਵਿਭਾਗ ਦੀ ਰਿਪੋਰਟ ਅਨੁਸਾਰ ਇਸ ਬਲਾਕ ਵਿੱਚ 2608 ਏਕੜ ਵਿੱਚ ਫ਼ਸਲਾਂ ਦਾ ਨੁਕਸਾਨ ਹੋਇਆ ਹੈ ਪਰ ਹਰਿਆਣਾ ਸਰਕਾਰ ਨੇ ਵੱਲੋਂ ਨੁਕਸਾਨੀਆਂ ਗਈਆਂ ਫ਼ਸਲਾਂ ਦੇ ਨੁਕਸਾਨ ਦਾ ਮੁਲਾਂਕਣ ਕਰਨ ਲਈ ਖੋਲ੍ਹੇ ਗਏ ਪੋਰਟਲ ਵਿੱਚ ਸਿਰਫ਼ ਦੋ ਪਿੰਡਾਂ ਸ਼ਕਰਮੰਦੋਰੀ ਅਤੇ ਸ਼ਾਹਪੁਰੀਆ ਦੇ ਨਾਮ ਦਿਖਾਏ ਗਏ ਹਨ ਜਿਸ ਕਾਰਨ ਕਿਸਾਨਾਂ ਵਿੱਚ ਸਰਕਾਰ ਪ੍ਰਤੀ ਰੋਸ ਹੈ। ਪਿੰਡ ਗੰਜਾ ਰੁਪਾਣਾ ਦੀ ਸਰਪੰਚ ਮੰਜੂ ਰਾਣੀ, ਕਿਸਾਨ ਰਾਮ ਸਿੰਘ, ਭਗਤ ਸਿੰਘ, ਰਤੀ ਰਾਮ, ਸੰਦੀਪ ਕੁਮਾਰ, ਅਜੇ ਕੁਮਾਰ, ਸ਼ੇਰ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਕਾਰਨ ਕਰੀਬ 10 ਪਿੰਡਾਂ ਦੀਆਂ ਸੈਂਕੜੇ ਏਕੜ ਫਸਲਾਂ ਤਬਾਹ ਹੋ ਗਈਆਂ ਸਨ। ਜਦੋਂ ਖੇਤੀਬਾੜੀ ਵਿਭਾਗ ਵੱਲੋਂ ਮੁਲਾਂਕਣ ਕੀਤਾ ਗਿਆ ਤਾਂ ਉਨ੍ਹਾਂ ਦੇ ਇਕੱਲੇ ਰੁਪਾਣਾ ਗੰਜਾ ਪਿੰਡ ਦੀ 500 ਏਕੜ ਤੋਂ ਵੱਧ ਜ਼ਮੀਨ ਪਾਣੀ ਨਾਲ ਭਰੀ ਦਿਖਾਈ ਸੀ ਪਰ ਹੁਣ ਮਾਲ ਵਿਭਾਗ ਨੇ ਇੱਕ ਮੁਆਵਜ਼ਾ ਪੋਰਟਲ ਖੋਲ੍ਹਿਆ ਹੈ ਜਿਸ ਵਿੱਚ ਸਿਰਫ ਦੋ ਪਿੰਡਾਂ ਦੇ ਨਾਮ ਹੀ ਹਨ। ਖੇਤੀਬਾੜੀ ਵਿਭਾਗ ਅਤੇ ਮਾਲ ਵਿਭਾਗ ਦੇ ਮੁਲਾਂਕਣ ਵਿੱਚ ਹੀ ਅੰਤਰ ਆ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਮੰਗ ਕੀਤੀ ਕਿ ਪ੍ਰਭਾਵਿਤ ਪਿੰਡਾਂ ਦੇ ਨਾਮ ਮੁਆਵਜ਼ਾ ਪੋਰਟਲ ਵਿੱਚ ਸ਼ਾਮਲ ਕੀਤੇ ਜਾਣ।