ਮੀਂਹ ਦੀ ਮਾਰ: ਮਾਲਵੇ ’ਚ ਵੱਡੀ ਪੱਧਰ ’ਤੇ ਨਰਮੇ ਦੀ ਫ਼ਸਲ ਦਾ ਨੁਕਸਾਨ
ਮੀਂਹ ਕਾਰਨ ਨਰਮਾ ਪੱਟੀ ਵਿੱਚ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਨਰਮੇ ਦੀ ਫ਼ਸਲ ਨੂੰ ਹੋਏ ਨੁਕਸਾਨ ਅਤੇ ਘੱਟ ਰਹੇ ਝਾੜ ਬਾਰੇ ਆਈ ਸੀ ਐੱਲ ਬੋਰਡ ਦੇ ਅਧਿਕਾਰੀਆਂ ਨੇ ਡੂੰਘੀ ਚਿੰਤਾ ਜਤਾਈ ਹੈ। ਬੋਰਡ ਦੇ ਅਧਿਕਾਰੀਆਂ ਮੁਤਾਬਕ ਵਿੱਤੀ ਵਰ੍ਹੇ 2024-25 ਲਈ ਪੰਜਾਬ ਵਿੱਚ 1,51,676 ਗਠਾਂ, ਹਰਿਆਣਾ ਵਿੱਚ 7,67,532 ਗਠਾਂ ਅਤੇ ਰਾਜਸਥਾਨ (ਗੰਗਾਨਗਰ ਸਰਕਲ) ਵਿੱਚ 10,35,342 ਗਠਾਂ ਦਾ ਉਤਪਾਦਨ ਹੋਇਆ ਸੀ। ਦੱਖਣੀ ਰਾਜਸਥਾਨ ਵਿੱਚ 8,89,900 ਗਠਾਂ ਦੇ ਅੰਕੜੇ ਦਰਜ ਕੀਤੇ ਗਏ।
ਬੋਰਡ ਦੇ ਅਨੁਸਾਰ ਇਸ ਵਾਰ ਉੱਤਰੀ ਭਾਰਤ ਦੇ ਕੁੱਲ ਖੇਤਰ ਵਿੱਚ ਇਸ ਵਾਰ 15-20 ਫ਼ੀਸਦੀ ਤੱਕ ਫ਼ਸਲ ਘੱਟ ਸਕਦੀ ਹੈ। ਪੰਜਾਬ ਵਿੱਚ ਬੀਜਾਂਦ 97 ਹਜ਼ਾਰ ਹੈਕਟਰ ਤੋਂ ਵੱਧ ਕੇ ਲਗਪਗ 1.19 ਲੱਖ ਹੈਕਟਰ ਹੋ ਗਈ ਹੈ, ਜਦਕਿ ਹਰਿਆਣਾ ਵਿੱਚ ਖੇਤਰ 21 ਫ਼ੀਸਦੀ ਘੱਟ ਕੇ 4.95 ਲੱਖ ਹੈਕਟਰ ਤੋਂ 3.91 ਲੱਖ ਹੈਕਟਰ ਰਹਿ ਗਿਆ ਹੈ। ਰਿਪੋਰਟ ਮੁਤਾਬਕ ਮਾਲਵਾ ਪੱਟੀ ਦੇ ਫ਼ਿਰੋਜ਼ਪੁਰ, ਮੁਕਤਸਰ, ਅਬੋਹਰ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਹਾਲ ਹੀ ਦੀ ਬਾਰਸ਼ ਨਾਲ ਨਰਮੇ ਦੀ ਫ਼ਸਲ ਨੂੰ 10 ਤੋਂ 15 ਫ਼ੀਸਦੀ ਨੁਕਸਾਨ ਹੋਇਆ ਹੈ। ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿੱਚ ਵੀ ਐਨਾ ਹੀ ਨੁਕਸਾਨ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਮੀਂਹਾਂ ਕਾਰਨ ਨੁਕਸਾਨੀ ਨਰਮੇ ਅਤੇ ਝੋਨੇ ਦੀ ਫ਼ਸਲ ਦਾ ਮੁਆਇਨਾ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਖੇਤਾਂ ਵਿੱਚ ਜਾ ਕੇ ਜਾਇਜ਼ਾ ਲੈਣਾ ਲੱਗੇ ਹਨ। ਮਾਹਿਰਾਂ ਨੇ ਮੰਨਿਆ ਕਿ ਨਰਮੇ ਦੀ ਫ਼ਸਲ ਵਿੱਚ ਲਗਾਤਾਰ ਪਾਣੀ ਖੜ੍ਹਨ ਕਰ ਕੇ ਫ਼ਸਲ ਵਿੱਚ ਤੱਤਾਂ ਦੀ ਘਾਟ ਦੇਖਣ ਵਿੱਚ ਆਈ ਅਤੇ ਕਈ ਥਾਵਾਂ ’ਤੇ ਪੱਤੇ ਪੀਲੇ ਪਏ ਹਨ, ਜਿਨ੍ਹਾਂ ਦੀ ਘਾਟ ਨੂੰ ਤੁਰੰਤ ਦੂਰ ਕਰਨ ਦੀ ਲੋੜ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸਬੰਧਤ ਡਿਪਟੀ ਡਾਇਰੈਕਟਰ (ਟ੍ਰੇਨਿੰਗ) ਡਾ. ਗੁਰਦੀਪ ਸਿੰਘ ਨੇ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਉਹ ਨਰਮੇ ਦੇ ਖੇਤਾਂ ’ਚੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਅਤੇ ਫ਼ਸਲ ਨੂੰ ਤੁਰੰਤ ਤੱਤਾਂ ਦੀ ਖੁਰਾਕ ਦੇਣ ਲਈ ਪੋਟਾਸ਼ੀਅਮ ਨਾਈਟਰੇਟ (13:0:45) ਦੇ 2 ਪ੍ਰਤੀਸ਼ਤ ਘੋਲ ਦੇ ਇੱਕ ਹਫ਼ਤੇ ਦੇ ਵਕਫ਼ੇ ਮਗਰੋਂ 4 ਛਿੜਕਾਅ ਕਰਨ।
ਸਹਾਇਕ ਪ੍ਰੋਫੈਸਰ (ਪੌਦ ਸੁਰਖਿਆ) ਡਾ. ਰਣਵੀਰ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਉਹ ਨਰਮੇ ਦੀ ਫਸਲ ’ਚੋਂ ਨਦੀਨਾਂ ਨੂੰ ਕੱਢਣ ਦਾ ਪ੍ਰਬੰਧ ਕਰਨ ਜਿਸ ਕਰਕੇ ਫਸਲ ਵਿੱਚ ਹਰੇ ਤੇਲੇ ਦਾ ਹਮਲਾ ਵੱਧ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨਰਮੇ ਉੱਤੇ ਹਰੇ ਤੇਲੇ ਦਾ ਹਮਲਾ ਨਜ਼ਰ ਆਉਣ ’ਤੇ 300 ਮਿਲੀਲੀਟਰ ਕੀਫਨ 15 ਈ.ਸੀ (ਟੋਲਫੈਨਪਾਇਰੈਡ) ਜਾਂ 80 ਗ੍ਰਾਮ ਉਲਾਲਾ 50 ਡਬਲਯੂ (ਫਲੋਨਿਕਾਮਿਡ) ਦਾ ਛਿੜਕਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿਆਦਾ ਨਮੀ ਕਾਰਨ ਨਰਮੇ ਉਪਰ ਪੱਤਿਆਂ ਦੇ ਧੱਬਿਆਂ ਦਾ ਰੋਗ ਨਜ਼ਰ ਆ ਸਕਦਾ ਹੈ ਅਤੇ ਇਸ ਰੋਗ ਤੋਂ ਬਚਾਉਣ ਲਈ 200 ਮਿਲੀਲੀਟਰ ਐਮੀਸਟਾਰ ਟੌਪ 325 ਐਸਸੀ ਨੂੰ 200 ਲੀਟਰ ਪਾਣੀ ਵਿੱਚ ਘੋਲਕੇ ਪ੍ਰਤੀ ਏਕੜ ਛਿੜਕਾਅ ਕੀਤਾ ਜਾਵੇ।