ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਾਲਵਾ ਪੱਟੀ ’ਚ ਮੀਂਹ ਨਾਲ ਗਰਮੀ ਤੋਂ ਰਾਹਤ

ਜ਼ਿਲ੍ਹਾ ਬਠਿੰਡਾ, ਮਾਨਸਾ, ਮੁਕਤਸਰ, ਫ਼ਰੀਦਕੋਟ ਤੇ ਬਰਨਾਲਾ ਵਿੱਚ ਪਿਆ ਮੀਂਹ
Advertisement

ਮਨੋਜ ਸ਼ਰਮਾ

ਬਠਿੰਡਾ, 29 ਜੂਨ

Advertisement

ਮਾਲਵਾ ਪੱਟੀ ਖੇਤਰ ਦੇ ਕਈ ਜ਼ਿਲ੍ਹਿਆਂ ’ਚ ਅੱਜ ਸ਼ਾਮ ਢਲਦਿਆਂ ਹੀ ਮੋਹਲੇਧਾਰ ਮੀਂਹ ਨਾਲ ਮੌਸਮ ਖੁਸ਼ਗਵਾਰ ਹੋ ਗਿਆ, ਉੱਥੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਬਠਿੰਡਾ, ਮਾਨਸਾ, ਮੁਕਤਸਰ, ਫ਼ਰੀਦਕੋਟ ਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਮੌਨਸੂਨ ਪੌਣਾਂ ਨੇ ਭਰਵੀਂ ਹਾਜ਼ਰੀ ਲਵਾਈ। ਗੌਰਤਲਬ ਹੈ ਕਿ ਬਠਿੰਡਾ ਖੇਤਰ ਵਿੱਚ ਕੋਈ ਭਰਵਾਂ ਮੀਂਹ ਨਾ ਪੈਣ ਕਾਰਨ ਔੜ ਵਰਗੀ ਸਥਿਤੀ ਬਣੀ ਹੋਈ ਸੀ। ਐਤਵਾਰ ਸ਼ਾਮ ਨੂੰ ਪਏ ਮੀਂਹ ਨਾਲ ਸੁੱਕ ਰਹੇ ਝੋਨੇ ਅਤੇ ਨਰਮੇ ਦੀ ਫ਼ਸਲ ਨੂੰ ਵੱਡੀ ਰਾਹਤ ਮਿਲੀ। ਮੀਂਹ ਕਾਰਨ ਬਠਿੰਡਾ ਸ਼ਹਿਰ ਦੀਆਂ ਸੜਕਾਂ ਵੀ ਜਲਥਲ ਹੋ ਗਈਆਂ। ਗੌਰਤਲਬ ਹੈ ਕਿ ਮਾਲਵੇ ਖੇਤਰ ਵਿੱਚ ਮੀਂਹ ਨਾ ਪੈਣ ਕਾਰਨ ਮਜ਼ਦੂਰ ਵਰਗ ਨੂੰ ਝੋਨਾ ਲਾਉਣ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮਈ ਮਹੀਨੇ ਦੇ ਅੰਤ ਵਿੱਚ ਮੀਂਹ ਕਾਰਨ ਪਾਵਰਕੌਮ ਨੇ ਵੀ ਸੁੱਖ ਦਾ ਸਾਹ ਲਿਆ ਹੈ। ਦੇਰ ਸ਼ਾਮ ਪਏ ਮੀਂਹ ਕਾਰਨ ਬਿਜਲੀ ਸਪਲਾਈ ਵੀ ਪ੍ਰਭਾਵਿਤ ਰਹੀ। ਮੌਸਮ ਵਿਭਾਗ ਮੁਤਾਬਕ ਪੱਛਮੀ ਮੌਨਸੂਨ ਹਵਾਵਾਂ ਨਾਲ ਭਲਕੇ ਵੀ ਮੀਂਹ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਗਲੇ 24 ਘੰਟਿਆਂ ਤੱਕ ਹੋਰ ਮੀਂਹ ਅਤੇ ਹਲਕੀ ਤੇਜ਼ ਹਵਾਵਾਂ ਦੀ ਸੰਭਾਵਨਾ ਜਤਾਈ ਗਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਮੁਖੀ ਡਾ. ਕਰਮਜੀਤ ਸਿੰਘ ਸੇਖੋਂ ਦਾ ਕਹਿਣਾ ਕਿ ਮੀਂਹ ਨਾਲ ਨਰਮੇ ਅਤੇ ਝੋਨੇ ਦੀ ਫ਼ਸਲ ਲਈ ਬੇਹੱਦ ਫਾਇਦੇਮੰਦ ਹੈ। ਕਿਸਾਨਾਂ ਨੇ ਕਿਹਾ ਮੀਂਹ ਨੇ ਝੋਨੇ ਦੀ ਫ਼ਸਲ ਲਈ ਦੇਸੀ ਘਿਓ ਦਾ ਕੰਮ ਕੀਤਾ ਹੈ। ਮੀਂਹ ਨਾਲ ਮਿੱਟੀ ਦੀ ਨਮੀ ਵਧੀ ਹੈ ਅਤੇ ਬਿਜਾਈ ਦਾ ਕੰਮ ਹੁਣ ਤੇਜ਼ੀ ਨਾਲ ਅੱਗੇ ਵਧ ਸਕੇਗਾ।

ਭੁੱਚੋ ਮੰਡੀ (ਪਵਨ ਗੋਇਲ): ਇਲਾਕੇ ਵਿੱਚ ਅੱਜ ਬਾਅਦ ਦੁਪਹਿਰ ਭਰਵਾਂ ਮੀਂਹ ਪਿਆ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਭਾਰੀ ਰਾਹਤ ਮਿਲੀ। ਅੱਜ ਦੁਪਹਿਰ ਤੋਂ ਰੁਕ ਰੁਕ ਕੇ ਛਿੱਟੇ ਪੈਂਦੇ ਰਹੇ ਅਤੇ ਬਾਅਦ ਦੁਪਹਿਰ ਅਸਮਾਨ ਵਿੱਚ ਇੱਕਦਮ ਕਾਲੀ ਘਟਾ ਛਾ ਗਈ ਅਤੇ ਮੋਟੀ ਕਣੀ ਦਾ ਮੀਂਹ ਪੈਣਾ ਸ਼ੁਰੂੁ ਹੋ ਗਿਆ। ਅਚਾਨਕ ਆਏ ਮੀਂਹ ਨੇ ਦੁਕਾਨਦਾਰਾਂ ਵਿੱਚ ਭਾਜੜ ਪਾ ਦਿੱਤੀ। ਉਹ ਫਟਾਫਟ ਦੁਕਾਨਾਂ ਅੱਗੇ ਰੱਖਿਆ ਸਾਮਾਨ ਸਮੇਟਣ ਲੱਗ ਪਏ। ਲਗਭਗ ਅੱਧੇ ਘੰਟੇ ਵਿੱਚ ਮੀਂਹ ਨੇ ਸ਼ਹਿਰ ਦੀ ਮਾਲ ਰੋਡ ਅਤੇ ਹੋਰਨਾਂ ਨੀਵੀਆਂ ਥਾਵਾਂ ਨੂੰ ਜਲ ਮਗਨ ਕਰ ਦਿੱਤਾ। ਇਸ ਮੀਂਹ ਨੂੰ ਫਸਲਾਂ ਲਈ ਲਾਹੇਵੰਦ ਦੱਸਿਆ ਜਾ ਰਿਹਾ ਹੈ। ਕਿਸਾਨ ਲਵਪ੍ਰੀਤ ਸਿੰਘ ਅਤੇ ਭੁਪਿੰਦਰ ਸਿੰਘ ਮਾਨਸਾ ਖੁਰਦ ਨੇ ਦੱਸਿਆ ਕਿ ਇਸ ਸਮੇਂ ਝੋਨੇ ਦੀ ਲਵਾਈ ਚੱਲ ਰਹੀ ਹੈ। ਪਾਣੀ ਦੀ ਘਾਟ ਕਾਰਨ ਝੋਨਾ ਲਗਾਉਣ ਵਿੱਚ ਪ੍ਰੇਸ਼ਾਨੀ ਆ ਰਹੀ ਸੀ। ਇਸ ਮੀਂਹ ਨੇ ਝੋਨੇ ਦੀ ਲਵਾਈ ਦਾ ਕੰਮ ਤੇਜ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਰਮੇ ਅਤੇ ਹਰੇ ਚਾਰੇ ਨੂੰ ਵੀ ਪਾਣੀ ਦੀ ਬੇਹੱਦ ਲੋੜ ਸੀ।

ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਅਤੇ ਹਰਿਆਣਾ ਵਿੱਚ ਮੌਨਸੂਨ ਆਉਣ ਤੋਂ ਬਾਅਦ ਮਾਲਵਾ ਖੇਤਰ ਦੇ ਕਈ ਇਲਾਕਿਆਂ ਵਿੱਚ ਅੱਜ ਬਾਅਦ ਦੁਪਹਿਰ ਪਏ ਮੀਂਹ ਨੇ ਖੇਤਾਂ ਵਿੱਚ ਲਹਿਰਾਂ-ਬਹਿਰਾਂ ਲਾ ਦਿੱਤੀਆਂ ਹਨ। ਮਾਲਵਾ ਖੇਤਰ ’ਚ ਪੈ ਰਹੀ ਭਾਰੀ ਗਰਮੀ ਅਤੇ ਕੜਕਦੀ ਧੁੱਪ ਕਾਰਨ ਫ਼ਸਲਾਂ ਦੇ ਜੋ ਘੁੰਡ ਮੁੜੇ ਵਿਖਾਈ ਦਿੰਦੇ ਸਨ, ਉਨ੍ਹਾਂ ਉਪਰ ਡਿੱਗੇ ਅੰਬਰੀ ਪਾਣੀ ਨੇ ਰੌਣਕ ਨੂੰ ਮੌੜ ਲਿਆਂਦਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਅਤੇ ਖੇਤੀ ਵਿਭਾਗ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਝੋਨੇ ਦੀ ਲੁਵਾਈ ਦੌਰਾਨ ਪਈ ਇਸ ਵਰਖਾ ਨੇ ਹੁਣ ਤਪੀ ਪਈ ਧਰਤੀ ਨੂੰ ਬਰਫ਼ ਵਾਂਗ ਠਾਰ ਦਿੱਤਾ ਹੈ। ਇਸੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਠਿੰਡਾ ਸਥਿਤ ਖੇਤੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ.ਐੱਸ. ਰੋਮਾਣਾ ਦਾ ਕਹਿਣਾ ਹੈ ਕਿ ਹੁਣ ਮਾਲਵਾ ਪੱਟੀ ਵਿਚ ਮੀਂਹ ਖੁੱਲ੍ਹ ਗਏ ਹਨ। ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਇਸ ਮੀਂਹ ਨੇ ਸੱਚਮੁੱਚ ਸਹੀ ਸਮੇਂ ’ਤੇ ਵਰ੍ਹੇ ਕਿਸਾਨਾਂ ਦੇ ਵਾਰੇ-ਨਿਆਰੇ ਕਰ ਦਿੱਤੇ ਹਨ।

ਮਮਦੋਟ (ਜਸਵੰਤ ਸਿੰਘ ਥਿੰਦ): ਮੌਨਸੂਨ ਦੀ ਪਹਿਲੇ ਮੀਂਹ ਅਤੇ ਤੇਜ਼ ਹਨੇਰੀ ਕਾਰਨ ਖਾਈ-ਮਮਦੋਟ ਸੜਕ ’ਤੇ ਰੁੱਖ ਡਿੱਗਣ ਕਾਰਨ ਆਵਾਜਾਈ ਵਿੱਚ ਵਿਘਨ ਪਿਆ| ਉੱਧਰ, ਭਾਰੀ ਗਰਮੀ ਅਤੇ ਹੁੰਮਸ ਤੋਂ ਲੋਕਾਂ ਨੇ ਰਾਹਤ ਮਹਿਸੂਸ ਕੀਤੀ|

ਮੀਂਹ ਨੇ ਮਾਨਸਾ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੋਲ੍ਹੀ

ਮਾਨਸਾ: ਇੱਥੇ ਸ਼ਾਮ ਨੂੰ ਪਏ ਮੀਂਹ ਨੇ ਮਾਨਸਾ ਨੂੰ ਜਲ-ਥਲ ਕਰ ਕੇ ਰੱਖ ਦਿੱਤਾ। ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਸਾਰੇ ਪ੍ਰਬੰਧ ਧਰੇ-ਧਰਾਏ ਰਹਿ ਗਏ। ਦੇਰ ਸ਼ਾਮ ਤੱਕ ਸ਼ਹਿਰ ਵਿਚ ਚਾਰ-ਚੁਫੇਰੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ। ਡਿਪਟੀ ਕਮਿਸ਼ਨਰ ਦੇ ਘਰ ਨੂੰ ਜਾਂਦੀ ਵੀਆਈਪੀ ਸੜਕ ਦਾ ਵੀ ਜਲੂਸ ਨਿਕਲ ਗਿਆ। ਡੀ.ਸੀ. ਦੇ ਘਰ ਕੋਲ ਪਾਣੀ ਮੇਲਦਾ ਫਿਰਦਾ ਰਿਹਾ। ਮੀਂਹ ਦਾ ਪਾਣੀ ਬਾਜ਼ਾਰ ’ਚ ਭਰ ਜਾਣ ਕਾਰਨ ਦਿਨ ਖੜ੍ਹੇ ਹੀ ਦੁਕਾਨਾਂ ਬੰਦ ਹੋ ਗਈਆਂ। ਸ਼ਾਮ ਨੂੰ ਪੈਣ ਲੱਗੇ ਇਸ ਮੀਂਹ ਨਾਲ ਮਾਨਸਾ ਦੀਆਂ ਸਾਰੀਆਂ ਨੀਵੀਂਆਂ ਬਸਤੀਆਂ ਵਿੱਚ ਪਾਣੀ ਭਰ ਗਿਆ, ਠੀਕ ਨਿਕਾਸ ਨਾ ਹੋਣ ਕਾਰਨ ਗਲੀਆਂ ਤੋਂ ਬਾਅਦ ਪਾਣੀ ਕਈ ਮੁਹੱਲਿਆਂ ਵਿੱਚ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਗਿਆ। ਸਭ ਤੋਂ ਮਾੜਾ ਹਾਲ ਵੀਰ ਨਗਰ ਮੁਹੱਲੇ ਦਾ ਸੀ, ਜਿੱਥੋਂ ਦੇ ਲੋਕ ਹਰ ਵਾਰ ਬਾਰਸ਼ ਤੋਂ ਬਾਅਦ ਵੱਡਾ ਸੰਤਾਪ ਭੋਗਦੇ ਹਨ। ਮਾਨਸਾ ਬੱਸ ਸਟੈਂਡ ਤੋਂ ਸਾਰੇ ਮੁੱਖ ਬਾਜ਼ਾਰ ਅਤੇ ਸ਼ਹਿਰ ਦੀਆਂ ਬਹੁਤੀਆਂ ਗਲੀਆਂ ਪਾਣੀ ਨਾਲ ਨੱਕੋ-ਨੱਕ ਭਰੀਆਂ ਪਈਆਂ ਸਨ। ਇਸੇ ਤਰ੍ਹਾਂ ਤਿੰਨਕੋਨੀ ਸੜਕ ’ਤੇ ਜਲਥਲ ਹੋਣ ਦਾ ਹੱਲ ਕੱਢਣ ਦੀ ਥਾਂ ਸਿਰਫ਼ ਡੀਸੀ ਦੀ ਰਿਹਾਇਸ਼ ’ਚ ਪਾਣੀ ਦਾਖਲ ਹੋਣ ਤੋਂ ਰੋਕਿਆ ਗਿਆ। ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਸੁਨੀਲ ਕੁਮਾਰ ਨੀਨੂੰ ਨੇ ਕਿਹਾ ਕਿ ਭਾਰੀ ਬਾਰਸ਼ ਕਾਰਨ ਇੱਕ ਵਾਰ ਤਾਂ ਸ਼ਹਿਰ ਵਿੱਚ ਪਾਣੀ ਭਰ ਵੀ ਜਾਂਦਾ ਹੈ, ਪਰ ਇਸ ਨੂੰ ਕੱਢਣ ਲਈ ਪ੍ਰਸ਼ਾਸਨ ਨੇ ਉਪਰਾਲੇ ਆਰੰਭੇ ਹੋਏ ਹਨ। -ਪੱਤਰ ਪ੍ਰੇਰਕ

Advertisement