ਇੱਕੋ ਸਕੂਲ ਦੇ ਦੋ ਅਧਿਆਪਕਾਂ ਦੇ ਸਨਮਾਨ ’ਤੇ ਉੱਠੇ ਸਵਾਲ
ਮਹਿਲ ਕਲਾਂ ਵਿੱਚ ਸਬ-ਡਿਵੀਜ਼ਨ ਪੱਧਰ ’ਤੇ ਮਨਾਏ ਆਜ਼ਾਦੀ ਦਿਹਾੜੇ ਮੌਕੇ ਵੱਖ-ਵੱਖ ਖੇਤਰਾਂ ਵਿੱਚ ਚੰਗੀਆਂ ਪ੍ਰਾਪਤੀਆਂ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ ਪਰ ਅਧਿਆਪਕਾਂ ਦੇ ਸਨਮਾਨ ਵਿੱਚ ਪੱਖ-ਪਾਤ ਦੇ ਦੋਸ਼ ਲੱਗ ਰਹੇ ਹਨ। ਇਨ੍ਹਾਂ ਵਿੱਚ ਬਲਾਕ ਦੇ ਸਰਕਾਰੀ ਮਿਡਲ ਸਕੂਲ ਗੰਗੋਹਰ ਨਾਲ ਸਬੰਧਤ ਦੋ ਅਧਿਆਪਕਾਂ ਦਾ ਆਜ਼ਾਦੀ ਸਮਾਗਮ ਦੌਰਾਨ ਐੱਸਡੀਐੱਮ ਸਿਵਾਂਸ਼ ਰਾਠੀ ਵੱਲੋਂ ਸਨਮਾਨ ਕੀਤਾ ਗਿਆ। ਇਸ ਤੋਂ ਸਵਾਲ ਖੜ੍ਹੇ ਹੋ ਰਹੇ ਹਨ। ਸਰਕਾਰੀ ਸਮਾਗਮ ਦੌਰਾਨ ਇਸ ਸਕੂਲ ਦੀ ਇੱਕ ਅਧਿਆਪਕਾ ਅਤੇ ਪਿੰਡ ਕਲਾਲਮਾਜਰਾ ਸਕੂਲ ਤੋਂ ਇੱਥੇ ਡੈਪੂਟੇਸ਼ਨ ’ਤੇ ਡਿਊਟੀ ਦੇ ਰਹੇ ਐੱਸਐੱਸਟੀ ਅਧਿਆਪਕ ਦਾ ਸਨਮਾਨ ਹੋਇਆ ਹੈ। ਇਸ ਸਨਮਾਨ ਲਈ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਲਿਸਟ ਅੱਗੇ ਐੱਸਡੀਐੱਮ ਦਫ਼ਤਰ ਨੂੰ ਭੇਜੀ ਜਾਂਦੀ ਹੈ ਪਰ ਅਧਿਆਪਕ ਵਰਗ ਇਸ ਨੂੰ ਪ੍ਰਾਪਤੀ ਦੀ ਥਾਂ ਸਿਫ਼ਾਰਸੀ ਸਨਮਾਨ ਦੱਸ ਰਿਹਾ ਹੈ।
ਜਾਣਕਾਰੀ ਅਨੁਸਾਰ ਇਸ ਸਕੂਲ ਵਿੱਚ ਪਿਛਲੇ ਵਰ੍ਹੇ ਤਿੰਨ ਕਲਾਸਾਂ ਵਿੱਚ 50 ਬੱਚੇ ਸਨ ਜੋ ਇਸ ਵਿੱਦਿਅਕ ਸੈਸ਼ਨ ਦੌਰਾਨ ਘਟ ਕੇ 34 ਰਹਿ ਗਏ ਹਨ। ਸਕੂਲ ਵਿੱਚ ਇੰਚਾਰਜ ਸਣੇ ਚਾਰ ਅਧਿਆਪਕ ਹਨ ਅਤੇ ਦੋ ਅਧਿਆਪਕ ਡੈਪੂਟੇਸ਼ਨ ’ਤੇ ਹਨ। ਭਾਵ ਕੇਵਲ 34 ਬੱਚਿਆਂ ਨੂੰ ਪੜ੍ਹਾਉਣ ਲਈ 6 ਅਧਿਆਪਕ ਹਨ। ਇਸ ਦੇ ਬਾਵਜੂਦ ਸਕੂਲ ਦੀ ਖੇਡਾਂ ਜਾਂ ਪੜ੍ਹਾਈ ਦੇ ਖੇਤਰ ਵਿੱਚ ਵੀ ਕੋਈ ਖ਼ਾਸ ਪ੍ਰਾਪਤੀ ਨਹੀਂ ਹੈ। ਸਕੂਲ ਇੰਚਾਰਜ ਦੀ ਹਲਕੇ ਦੇ ‘ਆਪ’ ਵਿਧਾਇਕ ਨਾਲ ਨੇੜਤਾ ਨੂੰ ਇਨ੍ਹਾਂ ਸਨਮਾਨਾਂ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਮਾਗਮ ਦੌਰਾਨ ਵੀ ਇਸੇ ਸਕੂਲ ਦੇ ਸਾਇੰਸ ਅਧਿਆਪਕ ਦਾ ਸਨਮਾਨ ਕੀਤਾ ਗਿਆ ਸੀ।
ਮਾਮਲੇ ਦੀ ਪੜਤਾਲ ਕੀਤੀ ਜਾਵੇਗੀ: ਐੱਸਡੀਐੱਮ
ਮਹਿਲ ਕਲਾਂ ਦੇ ਐੱਸਡੀਐੱਮ ਸਿਵਾਂਸ਼ ਰਾਠੀ ਨੇ ਕਿਹਾ ਕਿ ਉਹ ਇਸ ਬਾਰੇ ਰਿਪੋਰਟ ਲੈ ਕੇ ਪੜਤਾਲ ਕੀਤੀ ਜਾਵੇਗੀ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਰਨਾਲਾ ਨੇ ਕਿਹਾ ਇਹ ਸਨਮਾਨ ਬਲਾਕ ਪੱਧਰ ’ਤੇ ਕੀਤੇ ਗਏ ਹਨ।