ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਵਿਤਾ ’ਚ ਸੰਜੀਦਗੀ ਲਈ ਮਿਆਰੀ ਆਲੋਚਨਾ ਜ਼ਰੂਰੀ: ਜ਼ਫ਼ਰ

ਭਾਸ਼ਾ ਵਿਭਾਗ ਨੇ ਰਾਜ ਪੱਧਰੀ ਕਵੀ ਦਰਬਾਰ ਕਰਵਾਇਆ
ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਕਵੀਆਂ ਦਾ ਸਨਮਾਨ ਕਰਦੇ ਹੋਏ।
Advertisement

ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਯੂਥ ਲਾਇਬ੍ਰੇਰੀ ਮਾਨਸਾ ਵਿੱਚ ‘ਪੰਜਾਬੀ ਮਾਹ’ ਤਹਿਤ ਰਾਜ ਪੱਧਰੀ ਕਵੀ ਦਰਬਾਰ ਕਰਵਾਇਆ ਗਿਆ। ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਕਰਵਾਏ ਗਏ ਇਸ ਕਵੀ ਦਰਬਾਰ ਦੀ ਪ੍ਰਧਾਨਗੀ ਡਾ. ਅੰਬਰੀਸ਼ ਨੇ ਕੀਤੀ ਅਤੇ ਸਮਾਗਮ ਦਾ ਆਗਾਜ਼ ਅਦਾਕਾਰਾ ਮਨਜੀਤ ਔਲਖ ਨੇ ਸ਼ਮਾ ਰੌਸ਼ਨ ਕਰ ਕੇ ਕੀਤਾ। ਇਸ ਮੌਕੇ ਪੰਜਾਬੀ ਦੇ ਨਾਮਵਰ ਕਵੀਆਂ ਨੇ ਆਪਣੀਆਂ ਨਜ਼ਮਾਂ ਰਾਹੀਂ ਕਾਵਿਕ ਮਾਹੌਲ ਸਿਰਜਿਆ।

ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਪੰਜਾਬੀ ਵਿੱਚ ਜਿੰਨੀ ਕਵਿਤਾ ਲਿਖੀ ਜਾ ਰਹੀ ਹੈ, ਉਸ ਪੱਧਰ ਦੀ ਮਿਆਰੀ ਆਲੋਚਨਾ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਸਾਹਿਤ ਦੀ ਹਰ ਵਿਧਾ ’ਚ ਸਿਰਜਣਾ ਦੇ ਬਰਾਬਰ ਹੀ ਆਲੋਚਨਾ ਦੀ ਅਹਿਮੀਅਤ ਹੁੰਦੀ ਹੈ ਜਿਸ ਕਰਕੇ ਕਵਿਤਾ ਦੇ ਮਿਆਰ ’ਚ ਹੋਰ ਵਾਧਾ ਕਰਨ ਲਈ ਸਾਡੇ ਵਿਦਵਾਨ ਆਲੋਚਨਾ ਵੱਲ ਵੀ ਧਿਆਨ ਦੇਣ। ਉਨ੍ਹਾਂ ਆਪਣੀ ਕਵਿਤਾ ‘ਸਿਆਹੀ ਦੀ ਕਮਾਈ’ ਅਤੇ ‘ਸਮਾਨਤਾ ਅਸਮਾਨਤਾ’ ਰਾਹੀਂ ਹੱਕ, ਸੱਚ ਤੇ ਰਾਜਸੀ ਸਥਿਤੀ ਦਾ ਵਿਖਿਆਨ ਕੀਤਾ। ਆਪਣੇ ਪ੍ਰਧਾਨਗੀ ਭਾਸ਼ਣ ’ਚ ਡਾ. ਅੰਬਰੀਸ਼ ਨੇ ਕਿਹਾ ਕਿ ਕਵਿਤਾ ਲਈ ਵਧੀਆ ਮਜ਼ਮੂਨ ਦੇ ਨਾਲ-ਨਾਲ ਉਸ ਦੀ ਵਧੀਆ ਬਣਤਰ ਵੀ ਜ਼ਰੂਰੀ ਹੈ ਅਤੇ ਵਧੀਆ ਕਵੀਆਂ ’ਚ ਘੱਟ ਤੋਂ ਘੱਟ ਸ਼ਬਦ ਤੇ ਵਧੀਆ ਫਲਸਫਾ ਹੋਣਾ ਲਾਜ਼ਮੀ ਹੈ। ਉਨ੍ਹਾਂ ਆਪਣੀਆਂ ਕਵਿਤਾਵਾਂ ‘ਝਲਕ’, ‘ਹਰਾ’, ‘ਅੱਧਾ’, ‘ਸੈਂਡਲ’ ਤੇ ‘ਅਚਾਰ’ ਰਾਹੀਂ ਸਮੁੱਚੇ ਬ੍ਰਹਿਮੰਡ ਦੀ ਬਾਤ ਪਾਈ।

Advertisement

ਕਵੀ ਦਰਬਾਰ ਦੀ ਸ਼ੁਰੂਆਤ ਵਿਰਕ ਪੁਸ਼ਪਿੰਦਰ ਨੇ ਆਪਣੀਆਂ ਦੋ ਕਵਿਤਾਵਾਂ ‘ਫੁਲਕਾਰੀ’ ਅਤੇ ‘ਜੇ ਤੂੰ ਉੱਗ ਸਕਦੈਂ’ ਰਾਹੀਂ ਸਮਾਜਿਕ ਸਰੋਕਾਰਾਂ ਦੀ ਗੱਲ ਕੀਤੀ। ਰਿਸ਼ੀ ਹਿਰਦੇਪਾਲ ਨੇ ‘ਪੈਸੇ ਦੀ ਭਾਸ਼ਾ’, ‘ਮਾਂ ਕਵਿਤਾ ਨਹੀਂ ਲਿਖਦੀ’ ਤੇ ‘ਧਰਤੀ’ ਕਵਿਤਾ ਰਾਹੀਂ ਵੱਖ-ਵੱਖ ਵਿਸ਼ਿਆਂ ਨੂੰ ਛੋਹਿਆ। ਰਣਧੀਰ ਨੇ ‘ਮੈਂ ਤੈਨੂੰ ਪਿਆਰ ਕਰਦਾ ਹਾਂ’ ਤੇ ‘ਇਸ ਵਾਰ’ ਕਵਿਤਾ ਸੁਣਾਈਆਂ। ਨਰਿੰਦਰਪਾਲ ਕੌਰ ਨੇ ‘ਨੌਵਾਂ ਨਾਨਕ’, ‘ਗੋਰੀ ਕੁੜੀ’ ਅਤੇ ‘ਕੁੜੀ ਤੇ ਕਿਸ਼ਤੀ’ ਰਾਹੀਂ ਸਮਾਜ ਦੇ ਵੱਖ-ਵੱਖ ਸਰੋਕਾਰਾਂ ਨੂੰ ਛੋਹਿਆ। ਜਗਦੀਪ ਜਵਾਹਰਕੇ ਨੇ ਆਪਣੀਆਂ ਛੋਟੀਆਂ ਕਵਿਤਾਵਾਂ ‘ਲੇਬਰ ਚੌਕ’ ਅਤੇ ‘ਜਿਉਂਦੇ ਹੋਣਾ’ ਰਾਹੀਂ ਵੱਡੇ ਮਸਲਿਆਂ ’ਤੇ ਟਕੋਰ ਕੀਤੀ।

ਡਾ. ਗੁਰਇਕਬਾਲ ਨੇ ਆਪਣੀ ਪੰਜ ਨਿੱਕੀਆਂ ਕਵਿਤਾਵਾਂ ‘ਵਕਤ’, ‘ਗਾਜ਼ਾ ਦੀ ਜੰਗ’, ‘ਕਾਮਰੇਡ’, ‘ਧਰਤੀ ਦੀ ਹਿੱਕ’, ‘ਖ਼ੂਨੀ ਪੰਜ ਦਰਿਆ’ ਤੇ ‘ਮਹਿਕ ਦੀ ਫੁੱਲ’ ਰਾਹੀਂ ਬਹੁਤ ਸਾਰੇ ਗੰਭੀਰ ਮਸਲਿਆਂ ਦੀ ਤਸਵੀਰ ਪੇਸ਼ ਕੀਤੀ। ਕਮਲ ਸੇਖੋਂ ਨੇ ‘ਮਾਂ ਤੇ ਧੀਅ ਦਾ ਰਿਸ਼ਤਾ’ ਤੇ ‘ਔਰਤ’ ਕਵਿਤਾ ਰਾਹੀਂ ਆਜ਼ਾਦ ਭਾਰਤ ’ਚ ਸਥਿਤੀ ’ਤੇ ਵਿਅੰਗ ਕੱਸਿਆ। ਸੁਖਵਿੰਦਰ ਗੁਰਮ ਨੇ ਆਪਣੀਆਂ ਛੋਟੀਆਂ-ਛੋਟੀਆਂ ਕਵਿਤਾਵਾਂ ‘ਫਰਕ’, ‘ਅੱਜ-ਕੱਲ੍ਹ’, ‘ਸਾਹਿਬ’ ਤੇ ‘ਧੰਨਵਾਦ’ ਰਾਹੀਂ ਵੱਡੀਆਂ ਗੱਲਾਂ ਕੀਤੀਆਂ। ਡਾ. ਸੁਰਜੀਤ ਨੇ ‘ਜਨਮ’ ਤੇ ‘ਅਮੂ’ ਕਵਿਤਾ ਰਾਹੀਂ ਦੇਸ਼ ਦੀ ਅਜੋਕੀ ਰਾਜਨੀਤਕ ਸਥਿਤੀ ’ਤੇ ਵਿਅੰਗ ਕੱਸਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ, ਖੋਜ ਅਫ਼ਸਰ ਗੁਰਪ੍ਰੀਤ ਮਾਨਸਾ ਤੇ ਸੁਦਰਸ਼ਨ ਸਿੰਘ ਵੀ ਮੌਜੂਦ ਸਨ।

Advertisement
Show comments