ਯੂਨੀਵਰਸਿਟੀ ਬਚਾਓ ਮੋਰਚਾ ਦੇ ਸਮਰਥਨ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਰੈਲੀ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਚੋਣ ਪ੍ਰਕਿਰਿਆ ਸ਼ੁਰੂ ਕਰਵਾਉਣ ਅਤੇ ਯੂਨੀਵਰਸਿਟੀ ਦੇ ਅਧਿਕਾਰ ਬਹਾਲ ਕਰਵਾਉਣ ਲਈ ਯੂਨੀਵਰਸਿਟੀ ਬਚਾਓ ਮੋਰਚਾ ਦੇ ਸਮਰਥਨ ਵਿੱਚ ਸਥਾਨਕ ਐਮ ਆਰ ਸਰਕਾਰੀ ਕਾਲਜ ਵਿਖੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਬਚਾਓ ਮੋਰਚਾ ਦੇ ਸੱਦੇ ਉਪਰ ਯੂਨੀਵਰਸਿਟੀ ਜਾਂਦੇ ਪੰਜਾਬ ਦੇ ਲੋਕਾਂ ਉਪਰ ਕੀਤੇ ਲਾਠੀਚਾਰਜ ਦੀ ਨਿਖੇਧੀ ਕੀਤੀ ਗਈ। ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਮਲਜੀਤ ਮੁਹਾਰਖੀਵਾ ਅਤੇ ਜ਼ਿਲ੍ਹਾ ਸਕੱਤਰ ਮਮਤਾ ਲਾਧੂਕਾ, ਜ਼ਿਲ੍ਹਾ ਆਗੂ ਆਦਿਤਿਆ ਫਾਜ਼ਿਲਕਾ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਸੂਬਿਆਂ ਦੇ ਹੱਕਾਂ ’ਤੇ ਡਾਕਾ ਮਾਰ ਰਹੀ ਹੈ। ਕੇਂਦਰ ਸਰਕਾਰ ਦਹਾਕਿਆਂ ਪੁਰਾਣਾ ਸੈਨੇਟ ਸਿਸਟਮ ਭੰਗ ਕਰ ਕੇ ਲੋਕਾਂ ਦੁਆਰਾ ਜਮਹੂਰੀ ਢੰਗ ਨਾਲ ਚੁਣੇ ਹੋਏ ਨੁਮਾਇੰਦਿਆਂ ਨੂੰ ਪਾਸੇ ਕਰਕੇ ਆਰ ਐਸ ਐਸ ਪੱਖੀ ਬੰਦਿਆਂ ਨੂੰ ਯੂਨੀਵਰਸਿਟੀ ਦੇ ਪ੍ਰਸ਼ਾਸਨ ਵਿੱਚ ਫਿੱਟ ਕਰਨਾ ਚਾਹੁੰਦੀ ਹੈ ਤਾਂ ਜੋ ਯੂਨੀਵਰਸਿਟੀ ਦੇ ਕੇਂਦਰੀਕਰਨ ਵਿੱਚ ਕੋਈ ਅੜਿੱਕਾ ਨਾ ਰਹੇ। ਇਸ ਸਮੇਂ ਆਮ ਆਦਮੀ ਪਾਰਟੀ ਕੇਂਦਰ ਨਾਲ ਖੜੀ ਹੋਈ ਹੈ ਜਿਸ ਕਰ ਕੇ ਮੁਜ਼ਾਹਰਾ ਕਰਦੇ ਵਿਦਿਆਰਥੀਆਂ ਉੱਤੇ ਲਾਠੀਚਾਰਜ ਕੀਤਾ ਗਿਆ ਹੈ। ਹੁਣ ਵੀ ਸਿਰਫ਼ ਬਿਆਨ ਦੇਣ ਤੋਂ ਇਲਾਵਾ ਕੁਝ ਨਹੀਂ ਕੀਤਾ ਗਿਆ।
ਇਸ ਮੌਕੇ ਕਾਲਜ ਕਮੇਟੀ ਪ੍ਰਧਾਨ ਦਿਲਕਰਨ ਰਤਨਪੁਰਾ, ਕਾਲਜ ਸਕੱਤਰ ਪ੍ਰਵੀਨ ਕੌਰ, ਅਰਸ਼ਦੀਪ ਜੋਧਾ ਭੈਣੀ, ਅਰਸ਼ਦੀਪ ਸਿੰਘ, ਸੁਮੀਤ ਸਿੰਘ, ਸੂਰਜ ਸਿੰਘ, ਕਮਲਜੀਤ ਸਿੰਘ, ਸਾਜਨ ਸਿੰਘ, ਵਿਕਰਮ ਸਿੰਘ, ਪ੍ਰਿਅੰਕਾ ਰਾਣੀ, ਅਮਨ ਕੌਰ, ਸੋਨੀਆ, ਸੁਰਜੀਤ, ਕੋਮਲ ਅਤੇ ਹੋਰ ਵੀ ਸ਼ਾਮਲ ਸਨ।
