ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਨਵੀਂ ਸਿੱਖਿਆ ਨੀਤੀ ਰੱਦ ਕਰਨ ਦੀ ਮੰਗ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਨਵੀਂ ਸਿੱਖਿਆ ਨੀਤੀ-2020 ਤਹਿਤ ਬੈਚੂਲਰ ਡਿਗਰੀ ਚਾਰ ਸਾਲ ਕਰਨ ਅਤੇ ਸਮੈਸਟਰ ਸਿਸਟਮ ਦੌਰਾਨ ਸਟਰੀਮ ਭੰਗ ਕਰ ਕੇ ਚਾਰ ਮਾਈਨਰ ਵਾਧੂ ਵਿਸ਼ੇ ਵਿਦਿਆਰਥੀਆਂ ’ਤੇ ਥੋਪੇ ਜਾਣ ’ਤੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਗਈ ਹੈ।
ਜਥੇਬੰਦੀ ਦੀ ਜ਼ਿਲ੍ਹਾ ਕਨਵੀਨਰ ਅਰਵਿੰਦਰ ਕੌਰ ਨੇ ਅੱਜ ਇਥੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਵੀ ਸਿੱਖਿਆ ਨੀਤੀ-2020, ਜੋ ਭਾਜਪਾ ਸਰਕਾਰ ਦੇ ਫਾਸ਼ੀਵਾਦ ਦੇ ਏਜੰਡੇ ਤਹਿਤ ਰਾਜਾਂ ਦੇ ਅਧਿਕਾਰਾਂ ਨੂੰ ਕੁਚਲਦੇ ਹੋਏ ਥੋਪੀ ਗਈ ਹੈ, ਜਿਸ ਦੇ ਨਤੀਜੇ ਉਪਰੰਤ ਉਚੇਰੀ ਸਿੱਖਿਆ ਵਿੱਚ ਗਿਰਾਵਟ ਆਈ ਹੈ। ਉਨ੍ਹਾਂ ਕਿਹਾ ਕਿ ਬੈਚੂਲਰ ਡਿਗਰੀ ਵਿੱਚ ਵਿਦਿਆਰਥੀਆਂ ਨੂੰ ਪੰਜ ਵਿਸ਼ੇ ਪੜ੍ਹਾਏ ਜਾਂਦੇ ਸਨ, ਪ੍ਰੰਤੂ ਨਵੀਂ ਸਿੱਖਿਆ ਨੀਤੀ-2020 ਤਹਿਤ ਪਿਛਲੇ ਸੈਸ਼ਨ 2024-25 ਕਾਲਜਾਂ ਵਿੱਚ ਬੈਚੂਲਰ ਡਿਗਰੀ ਚਾਰ ਸਾਲ ਕਰਨ ਉਪਰੰਤ ਆਰਨਰ ਦੇਣਾ ’ਤੇ ਕਾਲਜਾਂ ਵਿੱਚ ਸਮੈਸਟਰ ਸਿਸਟਮ ਦੌਰਾਨ ਵਿਦਿਆਰਥੀਆਂ ’ਤੇ ਚਾਰ ਮਾਈਨਰ ਵਿਸ਼ੇ ਥੋਪੇ ਜਾਣ ਦੇ ਨਤੀਜੇ ਇਸ ਸੈਸ਼ਨ 2025-26 ਵਿਚ ਸਰਕਾਰੀ ਕਾਲਜਾ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੱਡੀ ਗਿਰਾਵਟ ਆਉਣ ਨਾਲ ਦਿਖਾਈ ਦਿੱਤੇ ਹਨ।
ਉਨ੍ਹਾਂ ਦੱਸਿਆ ਕਿ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿੱਚ ਬੈਚੂਲਰ ਡਿਗਰੀ ਵਿੱਚ ਵਿਦਿਆਰਥੀਆਂ ਨੇ 480 ਤੋਂ ਵੱਧ ਦਾਖਲਾ ਲਿਆ ਸੀ, ਪ੍ਰੰਤੂ ਜਦੋਂ ਵਿਦਿਆਰਥੀਆਂ ਨੇ ਪੇਪਰ ਦੇਣ ਲਈ ਪਹੁੰਚੇ ਤਾ ਗਿਣਤੀ ਅੱਧੀ ਤੋਂ ਵੀ ਘੱਟ ਰਹਿ ਗਈ ਤੇ ਇਸ ਸੈਸ਼ਨ ਵਿੱਚ ਵੀ ਦਾਖਲੇ ਦੀ ਗਿਣਤੀ ਵੀ ਬਹੁਤ ਘਟੀ ਹੈ। ਉਨ੍ਹਾਂ ਕਿਹਾ ਕਿ ਜੇਕਰ ਯੂਨੀਵਰਸਿਟੀ ਵੱਲੋਂ ਕਾਲਜਾਂ ਵਿੱਚ ਚਾਰ ਲਗਾਏ ਗਏ ਮਾਈਨਰ ਵਿਸ਼ਿਆਂ ਨੂੰ ਵਾਪਸ ਨਹੀ ਲੈਂਦੀ ਤਾਂ ਪੰਜਾਬ ਸਟੂਡੈਂਟਸ ਯੂਨੀਅਨ ਇਸ ਦੇ ਖ਼ਿਲਾਫ਼ ਸੰਘਰਸ਼ ਕਰੇਗੀ।