Punjab News Update: ਲੁੱਟਾਂ-ਖੋਹਾਂ ਕਰਨ ਵਾਲੇ ਸੱਤ ਨੌਜਵਾਨ ਮਾਰੂ ਹਥਿਆਰਾਂ ਸਣੇ ਗ੍ਰਿਫ਼ਤਾਰ
ਸੰਗਠਨ ਅਪਰਾਧ ਕਰਨ ਵਾਲੇ ਨੌਜਵਾਨਾਂ ਦੇ ਗਰੁੱਪਾਂ ਖ਼ਿਲਾਫ਼ ਪੁਲੀਸ ਨੇ ਕਾਰਵਾਈ ਕਰਦਿਆਂ ਸੱਤ ਨੌਜਵਾਨਾਂ ਨੂੰ ਮਾਰੂ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਇਹ ਸਾਰੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰ ਰਹੇ ਸਨ ਤੇ ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਕਈ ਪਰਚੇ ਦਰਜ ਹਨ।
ਡੀਐੱਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਪੰਜਗਰਾਈਂ ਚੌਕੀ ਇੰਚਾਰਜ ਨਵਦੀਪ ਸਿੰਘ ਪੁਲੀਸ ਪਾਰਟੀ ਸਣੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ ਬੱਸ ਅੱਡਾ ਪੰਜਗਰਾਈ ਕਲਾਂ ਮੌਜੂਦ ਸੀ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਸੱਤ ਨੌਜਵਾਨ ਸੁਖਵੀਰ ਸਿੰਘ ਰਿੰਕੂ, ਸੁਖਦੀਪ ਸਿੰਘ ਹੋਸ਼ੀ, ਇਕਬਾਲ ਸਿੰਘ ਤੂਤਾਂ ਵਾਲਾ, ਰਾਜਨ ਕੁਮਾਰ ਰਾਜੂ, ਕਰਮ ਚੰਦ ਲਾਡੀ, ਜਸਕਰਨ ਸਿੰਘ ਨਾਹਰ ਅਤੇ ਸੁਖਵਿੰਦਰ ਸਿੰਘ ਗੋਲੂ ਮੱਲਕੇ ਵਾਲੀ ਨਹਿਰ ਦੀ ਪਟੜੀ ’ਤੇ ਦਰੱਖਤਾਂ ਦੇ ਝੁੰਡ ’ਚ ਲੁਕ ਕੇ ਬੈਠੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਰਾਹਗੀਰਾਂ ਕੋਲੋਂ ਲੁੱਟ-ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ ਤੇ ਇਨ੍ਹਾਂ ਕੋਲ ਮਾਰੂ ਹਥਿਆਰ ਹਨ। ਪੁਲੀਸ ਨੇ ਛਾਪਾ ਮਾਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਇਨ੍ਹਾਂ ਕੋਲੋਂ ਦੋ ਗਰਾਰੀ ਲੱਗੀਆਂ ਪਾਈਪਾਂ, ਤਿੰਨ ਕਿਰਪਾਨਾਂ ਅਤੇ ਹੋਰ ਹਥਿਆਰ ਬਰਾਮਦ ਕੀਤੇ।
ਮੁੱਢਲੀ ਪੁੱਛ ਪੜਤਾਲ ਦੌਰਾਨ ਪਤਾ ਲੱਗਿਆ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਅਜਿਹੇ ਪੰਜ ਕੇਸ ਦਰਜ ਹਨ। ਡੀਐੱਸਪੀ ਜਤਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਦਾ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ।