Punjab News: ਮਨਰੇਗਾ ਵਰਕਰਾਂ ਵੱਲੋਂ ਡੀਸੀ ਫਾਜ਼ਿਲਕਾ ਖ਼ਿਲਾਫ਼ ਪ੍ਰਦਰਸ਼ਨ
ਪਰਮਜੀਤ ਸਿੰਘ
ਫਾਜ਼ਿਲਕਾ, 30 ਜੂਨ
ਮਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਪੰਜਾਬ ਅਤੇ ਸਰਬ ਭਾਰਤ ਨੌਜਵਾਨ ਸਭਾ ਵੱਲੋਂ ਮਗਨਰੇਗਾ ਕਾਨੂੰਨ ਤਹਿਤ ਕੰਮ ਲੈਣ, ਮੇਟ ਨਿਯੁਕਤ ਕਰਨ, ਰੁਕੀਆਂ ਹੋਈਆਂ ਉਜਰਤਾਂ ਜਾਰੀ ਕਰਵਾਉਣ ਅਤੇ ਜ਼ਿਲ੍ਹੇ ਵਿਚ ਮਗਨਰੇਗਾ ਕਾਨੂੰਨ ਦੀ ਉਲੰਘਣਾ ਖ਼ਿਲਾਫ਼ ਅੱਜ ਡੀਸੀ ਫਾਜ਼ਿਲਕਾ ਦੇ ਜਨਤਕ ਥਾਵਾਂ ਅਤੇ ਅਲੱਗ ਅਲੱਗ ਗਲੀ ਮੁਹੱਲਿਆਂ ਵਿੱਚ ਪੋਸਟਰ ਲਗਾ ਕੇ ਸ਼ਹਿਰ ਦੇ ਅਲੱਗ ਅਲੱਗ ਬਾਜ਼ਾਰਾਂ ਵਿੱਚ ਮਾਰਚ ਕਰਕੇ ਡੀਸੀ ਦਾ ਪੁਤਲਾ ਫੂਕਿਆ ਗਿਆ। ਪੁਤਲਾ ਫੂਕਣ ਤੋਂ ਬਾਅਦ ਸਰਬ ਭਾਰਤ ਨੌਜਵਾਨ ਸਭਾ ਦਾ ਜ਼ਿਲ੍ਹਾ ਪ੍ਰਧਾਨ ਸੁਬੇਗ ਝੰਗੜ ਭੈਣੀ ਅਤੇ ਨਰੇਗਾ ਯੂਨੀਅਨ ਦੇ ਬਲਾਕ ਪ੍ਰਧਾਨ ਕੁਲਦੀਪ ਬਖਸ਼ਾਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਦਾ ਹਰੇਕ ਵਰਗ ਡੀਸੀ ਤੋਂ ਦੁਖੀ ਹੈ। ਮਨਰੇਗਾ ਮਜ਼ਦੂਰਾਂ ਨੂੰ ਕਾਨੂੰਨ ਮੁਤਾਬਿਕ ਕੰਮ ਨਹੀ ਦਿੱਤਾ ਜਾ ਰਿਹਾ ਅਤੇ ਨਾ ਹੀ ਕਾਨੂੰਨ ਮੁਤਾਬਕ ਭੱਤਾ ਦਿੱਤਾ ਜਾ ਰਿਹਾ ਹੈ। ਜੇਕਰ ਤੁਰੰਤ ਕਾਰਵਾਈ ਕਰਕੇ ਮਨਰੇਗਾ ਮਜ਼ਦੂਰਾਂ ਨੂੰ ਕਾਨੂੰਨ ਮੁਤਾਬਿਕ ਕੰਮ ਨਹੀ ਦਿੱਤਾ ਗਿਆ ਤਾਂ ਦਸਵੀ ਵਾਰ ਪੂਤਲਾ ਫੂਕ ਮੁਜ਼ਾਹਰਾ ਕੀਤਾ ਜਾਵੇਗਾ। ਅੱਜ ਦੇ ਪ੍ਰਦਰਸ਼ਨ ਵਿੱਚ ਜ਼ਿਲ੍ਹਾ ਸਕੱਤਰ ਹਰਭਜਨ ਛੱਪੜੀ ਵਾਲਾ, ਕਾਮਰੇਡ ਗੁਰਦਿਆਲ ਢਾਬਾਂ, ਰਾਜਵਿੰਦਰ ਨਿਓਲਾ, ਸੁਰੇਸ਼ ਹਸਤਾ ਕਲਾ, ਬਲਵਿੰਦਰ ਚਾਨਣ ਵਾਲਾ, ਹਰਦੀਪ ਮੰਡੀ ਹਜ਼ੂਰ ਸਿੰਘ, ਸੰਦੀਪ ਕਰਨੀ ਖੇੜਾ ਹਾਜ਼ਰ ਸਨ।