ਪੰਜਾਬ ਸਰਕਾਰ ਹੜ੍ਹ ਪੀੜਤਾਂ ਦੇ ਨਾਲ ਨਹੀਂ ਖੜ੍ਹੀ: ਰਵਨੀਤ ਬਿੱਟੂ
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਜਲਾਲਾਬਾਦ ਹਲਕੇ ’ਚ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਪੀੜਤਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਹਰ ਮਦਦ ਦੇਣ ਦੇ ਭਰੋਸਾ ਦਿੱਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਲਈ ‘ਆਪ’ ਅਤੇ ਕਾਂਗਰਸ ਨੇ ਨਕਾਰਾਤਮਕ ਰੋਲ ਨਿਭਾਇਆ ਹੈ ਕਿਉਂਕਿ ਜਦੋਂ ਪੰਜਾਬ ਨੂੰ ਸੀਐੱਮ ਭਗਵੰਤ ਮਾਨ ਦੀ ਲੋੜ ਸੀ ਤਾਂ ਉਹ ਹਸਪਤਾਲ ਜਾ ਕੇ ਦਾਖ਼ਲ ਹੋ ਗਏ ਅਤੇ ਦੂਜੇ ਪਾਸੇ ਕਾਂਗਰਸ ਦੇ ਰਾਜ ਕੁਮਾਰ ਰਾਹੁਲ ਗਾਂਧੀ ਮਲੇਸ਼ੀਆ ਵਿੱਚ ਐਸ਼ ਕਰਦੇ ਰਹੇ। ਸ੍ਰੀ ਬਿੱਟੂ ਨੇ ਕਿਹਾ ਕਿ ਭਾਜਪਾ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਨਾਲ ਖੜ੍ਹੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਸੂਬੇ ਲਈ ਚੰਗੀ ਸੋਚ ਹੈ ਅਤੇ ਇਹੀ ਕਾਰਨ ਹੈ ਕਿ ਪਹਿਲਾਂ ਪੰਜਾਬ ਨੂੰ ਕੁਦਰਤੀ ਆਫਤਾਂ ਲਈ 12 ਹਜ਼ਾਰ ਕਰੋੜ ਅਤੇ ਹੁਣ ਫਿਰ ਤੋਂ 1600 ਕਰੋੜ ਰੁਪਏ ਪ੍ਰਧਾਨ ਮੰਤਰੀ ਦੇ ਕੇ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਰੇ ਕੇਂਦਰੀ ਮੰਤਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ-ਆਪਣੇ ਵਿਭਾਗਾਂ ਨਾਲ ਸਬੰਧਤ ਜੋ ਵੀ ਸਹੂਲਤਾਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦੇ ਸਕਦੇ ਹਨ, ਉਨ੍ਹਾਂ ਨੂੰ ਦਿੱਤੀਆਂ ਜਾਣ।
ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਲੁੱਟਣ ’ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨੁਮਾਇੰਦੇ ਚਾਹੁੰਦੇ ਸਨ ਕਿ ਕੇਂਦਰ ਸਰਕਾਰ 20 ਹਜ਼ਾਰ ਕਰੋੜ ਦੇਵੇ ਅਤੇ ਉਹ ਇਸ ਨੂੰ ਖੁਰਦ-ਬੁਰਦ ਕਰ ਜਾਣ। ਇਸ ਮੌਕੇ ਸੰਦੀਪ ਜਾਖੜ, ਸੁਰਜੀਤ ਜਿਆਣੀ, ਜ਼ਿਲ੍ਹਾ ਪ੍ਰਧਾਨ ਗਾਕਾ ਕੰਬੋਜ ਤੇ ਹੋਰ ਮੌਜੂਦ।