ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ਤੇ ਹਰਿਆਣਾ ਮਿਲ ਕੇ ਘੱਗਰ ਦੀ ਸਮੱਸਿਆ ਹੱਲ ਕਰਨ ਦੇ ਸਮਰੱਥ: ਗੋਇਲ

ਕੈਬਨਿਟ ਮੰਤਰੀ ਵੱਲੋਂ ਘੱਗਰ ਦਾ ਜਾਇਜ਼ਾ; ਪਿਛਲੀਆਂ ਸਰਕਾਰਾਂ ’ਤੇ ਪ੍ਰਬੰਧ ਨਾ ਕਰਨ ਦੇ ਦੋਸ਼
ਵਿਧਾਇਕ ਗੁਰਪ੍ਰੀਤ ਬਣਾਂਵਾਲੀ ਅਤੇ ਅਧਿਕਾਰੀਆਂ ਨਾਲ ਘੱਗਰ ’ਚ ਆ ਰਹੇ ਪਾਣੀ ਦੀ ਰਿਪੋਰਟ ਦੇਖਦੇ ਹੋਏ ਕੈਬਨਿਟ ਮੰਤਰੀ ਬਰਿੰਦਰ ਗੋਇਲ।
Advertisement

ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਅੱਜ ਦੇਰ ਸ਼ਾਮ ਜ਼ਿਲ੍ਹੇ ’ਚੋਂ ਲੰਘਦੇ ਘੱਗਰ ਦਰਿਆ ਦਾ ਮੁਆਇਨਾ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਹਰਿਆਣਾ ਦੀ ਹਕੂਮਤ ਪੰਜਾਬ ਸਰਕਾਰ ਨਾਲ ਸਹਿਯੋਗ ਕਰੇ ਤਾਂ ਘੱਗਰ ਦੀ ਸਮੱਸਿਆ ਦਾ ਪੱਕਾ ਤੌਰ ਉਤੇ ਹੱਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਦੋਂ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਸੀ ਤਾਂ ਉਸ ਵੇਲੇ ਹਰਿਆਣਾ ਵਿੱਚ ਵੀ ਭਾਜਪਾ ਦੀ ਗੌਰਮਿੰਟ ਸੀ, ਜਦੋਂ ਕਿ ਕੇਂਦਰ ਵਿੱਚ ਵੀ ਭਾਜਪਾ ਦੀ ਸਰਕਾਰ ਸੀ, ਪਰ ਉਦੋਂ ਪੰਜਾਬ ਅਤੇ ਹਰਿਆਣਾ ਦੀ ਇਸ ਵੱਡੀ ਸਮੱਸਿਆ ਵੱਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਹਨ ਅਤੇ ਓਮ ਪ੍ਰਕਾਸ਼ ਚੌਟਾਲਾ ਹਰਿਆਣਾ ਵਿੱਚ ਮੁੱਖ ਮੰਤਰੀ ਰਹੇ ਹਨ, ਜਿਨ੍ਹਾਂ ਨੇ ਦੋਨੇਂ ਸੂਬਿਆਂ ਦੀ ਇਸ ਵੱਡੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਇਸ ਸਬੰਧੀ ਕੇਂਦਰ ’ਤੇ ਕੋਈ ਦਬਾਅ ਪਾਇਆ ਹੈ। ਕੈਬਨਿਟ ਮੰਤਰੀ ਨੂੰ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਘੱਗਰ ਦਰਿਆ ਦਾ ਮੁਆਇਨਾ ਕਰਵਾਉਣ ਦੇ ਨਾਲ-ਨਾਲ ਇਸ ਵੱਲੋਂ ਕੀਤੀ ਜਾ ਰਹੀ 40 ਤੋਂ ਵੱਧ ਪਿੰਡਾਂ ਦੀ ਤਬਾਹੀ ਬਾਰੇ ਵੇਰਵਿਆਂ ਸਾਹਿਤ ਜਾਣਕਾਰੀ ਦਿੱਤੀ। ਜਾਣਕਾਰੀ ਅਨੁਸਾਰ ਘੱਗਰ ਦਰਿਆ ਵਿੱਚ ਵਗਦਾ ਪਾਣੀ ਅਜੇ ਵੀ ਲੋਕਾਂ ਲਈ ਵੱਡਾ ਡਰ ਬਣਿਆ ਹੋਇਆ ਹੈ। ਭਾਵੇਂ ਪਹਾੜਾਂ ਵਿੱਚੋਂ ਪਾਣੀ ਆਉਣਾ ਬੰਦ ਹੋ ਗਿਆ ਹੈ, ਪਰ ਘੱਗਰ ਵਿੱਚ ਬੇਮੁਹਾਰਾ ਚੱਲ ਰਿਹਾ ਪਾਣੀ ਅਜੇ ਵੀ ਉਤਰ ਨਹੀਂ ਰਿਹਾ ਹੈ, ਜਿਸ ਨੇ ਇਲਾਕੇ ਵਿੱਚ ਵੱਡਾ ਸਹਿਮ ਪੈਦਾ ਕਰ ਰੱਖਿਆ ਹੈ। ਅੱਜ ਘੱਗਰ ਦੇ ਪਾਣੀ ਦਾ ਉਛਾਲ 21 ਫੁੱਟ ਤੋਂ ਥੋੜ੍ਹ ਹੇਠਾਂ ਚੱਲਦਾ ਰਿਹਾ, ਪਰ ਪਾਣੀ ਪਹਿਲਾਂ ਦੀ ਤਰ੍ਹਾਂ ਤੇਜ਼ ਰਫ਼ਤਾਰ ਨਾਲ ਘੱਟਣਾ ਰੁੱਕ ਗਿਆ ਹੈ, ਜਿਸ ਨੂੰ ਲੈ ਕੇ ਘੱਗਰ ਦੇ ਕਿਨਾਰੇ ਵਸਦੇ ਪਿੰਡਾਂ ਅਤੇ ਖੇਤਾਂ ਦੇ ਮਾਲਕਾਂ ਦੀਆਂ ਚਿੰਤਾਵਾਂ ਬਰਕਰਾਰ ਹਨ। ਸਰਦੂਲਗੜ੍ਹ ਵਿੱਚ ਘੱਗਰ ਦੇ ਪਾਣੀ ਪੱਧਰ 21 ਫੁੱਟ ਤੋਂ 2 ਇੰਚ ਹੇਠਾਂ ਦੇਖਿਆ ਗਿਆ, ਜਦੋਂ ਕਿ ਇਸ ਤੋਂ ਪਹਿਲਾਂ ਪਿਛਲੇ ਤਿੰਨ ਦਿਨਾਂ ਤੋਂ 23 ਫੁੱਟ ਚੜ੍ਹਿਆ ਘੱਗਰ ਦਾ ਪਾਣੀ ਤੇਜ਼ੀ ਨਾਲ ਘੱਟਦਾ ਆ ਰਿਹਾ ਸੀ। ਭਾਵੇਂ ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ 15 ਸਤੰਬਰ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ, ਪਰ 17 ਸਤੰਬਰ ਨੂੰ ਭਾਰੀ ਮੀਂਹ ਪੈ ਸਕਦਾ ਹੈ, ਜਿਸ ਨੂੰ ਇਸ ਇਲਾਕੇ ਵਿੱਚ ਟਾਂਡੇ ਭੰਨ ਮੀਂਹ ਕਿਹਾ ਜਾਂਦਾ ਹੈ। ਇਸ ਮੀਂਹ ਦੀ ਪਸ਼ੀਨਗੋਈ ਹੋਣ ਤੋਂ ਬਾਅਦ ਘੱਗਰ ਕਿਨਾਰੇ ਵਸਦੇ ਪਿੰਡਾਂ ਦੇ ਲੋਕਾਂ ਦੀਆਂ ਘਟੀਆਂ ਚਿੰਤਾਵਾਂ ਫਿਰ ਵੱਧ ਗਈਆਂ ਹਨ।

ਬਠਿੰਡਾ ਜ਼ਿਲ੍ਹੇ ਦੇ ਚਾਰ ਸਕੂਲ ਬੰਦ ਰੱਖਣ ਦੇ ਹੁਕਮ

Advertisement

ਬਠਿੰਡਾ (ਮਨੋਜ ਸ਼ਰਮਾ): ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਰਾਜੇਸ਼ ਧੀਮਾਨ ਵੱਲੋਂ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਅਤੇ ਡਾਈਜਸਟਰ ਮੈਨੇਜਮੈਂਟ ਐਕਟ 2005 ਦੇ ਸੈਕਸ਼ਨ 34 ਤਹਿਤ ਜ਼ਿਲ੍ਹਾ ਬਠਿੰਡਾ ਦੇ 4 ਵੱਖ-ਵੱਖ ਸਰਕਾਰੀ ਸਕੂਲਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਇਹਨਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਈ ਰੂਪਾ (ਲੜਕੇ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਤਾ (ਲੜਕੀਆਂ), ਸਰਕਾਰੀ ਪ੍ਰਾਇਮਰੀ ਸਕੂਲ ਗੁਰੂ ਨਾਨਕਪੁਰਾ, ਬਠਿੰਡਾ ਅਤੇ ਸਰਕਾਰੀ ਹਾਈ ਸਕੂਲ ਗੁਰੂ ਨਾਨਕਪੁਰਾ ਬਠਿੰਡਾ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਨ੍ਹਾਂ ਸਕੂਲਾਂ ਨੂੰ ਉਦੋਂ ਤੱਕ ਬੰਦ ਰੱਖਿਆ ਜਾਵੇਗਾ ਜਿੰਨਾਂ ਚਿਰ ਇਹਨਾਂ ਸਕੂਲਾਂ ਸਬੰਧੀ ਹੋਰ ਇਮਾਰਤਾਂ ਦਾ ਬਦਲਵਾ ਪ੍ਰਬੰਧ ਨਹੀਂ ਹੋ ਜਾਂਦਾ।

Advertisement
Show comments