ਜਨਤਕ ਸੁਣਵਾਈ: ਲੋਕਾਂ ਨੇ ਸੀਮਿੰਟ ਫੈਕਟਰੀ ਦੀ ਤਜਵੀਜ਼ ਨਕਾਰੀ
ਮਾਨਸਾ ਨੇੜਲੇ ਚਾਰ ਪਿੰਡਾਂ ਦੀਆਂ ਪੰਚਾਇਤਾਂ ਦੇ ਵਿਰੋਧ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੀਮਿੰਟ ਫੈਕਟਰੀ ਸਬੰਧੀ ਜਨਤਕ ਸੁਣਵਾਈ ਕੀਤੀ ਗਈ। ਇਸ ਦੌਰਾਨ ਲੋਕਾਂ ਨੇ ਫੈਕਟਰੀ ਲਾਉਣ ਦਾ ਤਜਵੀਜ਼ ਮੁੱਢੋਂ ਰੱਦ ਕਰ ਦਿੱਤੀ। ਇਹ ਜਨਤਕ ਸੁਣਵਾਈ ਤਲਵੰਡੀ ਸਾਬੋ ਪਾਵਰ ਲਿਮਟਿਡ ਬਣਾਂਵਾਲਾ ਕੋਲ ਪਿੰਡ ਤਲਵੰਡੀ ਅਕਲੀਆ ਵਿੱਚ ਰੱਖੀ ਗਈ।
ਇਸ ਜਨਤਕ ਸੁਣਵਾਈ ਵਿੱਚ ਪਿੰਡ ਰਾਏਪੁਰ, ਮਾਖਾ, ਕਰਮਗੜ੍ਹ ਉਰਫ ਔਤਾਂਵਾਲੀ, ਬਣਾਂਵਾਲੀ, ਦਲੀਏਵਾਲੀ ਦੇ ਲੋਕਾਂ ਦੇ ਨਾਲ ਸਮੂਹ ਵਾਤਾਵਰਨ ਪ੍ਰੇਮੀਆਂ ਨੇ ਭਰਵੀਂ ਸਮੂਲੀਅਤ ਕੀਤੀ। ਪੰਚਾਇਤਾਂ ਦਾ ਕਹਿਣਾ ਹੈ ਕਿ ਸੀਮਿੰਟ ਫੈਕਟਰੀ ਲੱਗਣ ਨਾਲ ਮਨੁੱਖ ਜਨ-ਜੀਵਨ ਉਪਰ ਖ਼ਤਰਨਾਕ ਅਸਰ ਪੈਣਗੇ। ਲੋਕਾਂ ਦਾ ਕਹਿਣਾ ਹੈ ਕਿ ਜੇ ਇਹ ਸੀਮਿੰਟ ਫੈਕਟਰੀ ਲੱਗਦੀ ਹੈ ਤਾਂ ਉਨ੍ਹਾਂ ਪਿੰਡਾਂ ਦਾ ਉਜਾੜਾ ਹੋਵੇਗਾ। ਉਨ੍ਹਾਂ ਕਿਹਾ ਕਿ ਫੈਕਟਰੀ ਦੇ ਪ੍ਰਦੂਸ਼ਣ ਨਾਲ ਇਕੱਲਾ ਮਨੁੱਖ ਹੀ ਪ੍ਰਭਾਵਤ ਨਹੀਂ ਹੋਣਗੇ, ਸਗੋਂ ਇਲਾਕੇ ਦੇ ਖੇਤਾਂ, ਫ਼ਸਲਾਂ, ਦਰੱਖਤਾਂ ਉਪਰ ਮਾੜਾ ਅਸਰ ਪਵੇਗਾ, ਜਿਸ ਕਰਕੇ ਇਸ ਫੈਕਟਰੀ ਦਾ ਉਹ ਇਲਾਕੇ ਵਿੱਚ ਲੱਗਣ ਲਈ ਵਿਰੋਧ ਕਰਦੇ ਹਨ। ਲੋਕਾਂ ਵੱਲੋਂ ਕੰਪਨੀ ਅਤੇ ਪ੍ਰਦੂਸ਼ਣ ਬੋਰਡ ਨੂੰ ਸੰਬੋਧਨ ਹੋਕੇ ਸੈਂਕੜੇ ਸਵਾਲ ਦਾਗੇ ਗਏ, ਜਿਸ ਨਾਲ ਪ੍ਰਦੂਸ਼ਣ ਬੋਰਡ ਅਤੇ ਪਲਾਂਟ ਦੇ ਅਧਿਕਾਰੀਆਂ ਖਾਮੋਸ਼ ਰਹੇ। ਲੋਕਾਂ ਨੇ ਆਪਣੇ ਸਵਾਲ ਲਿਖਤੀ ਰਿਕਾਰਡ ਕਰਵਾਏ ਅਤੇ ਵੋਟਿੰਗ ਦੌਰਾਨ ਲਗਭਗ ਪਹੁੰਚੇ ਹਰ ਇੱਕ ਵਿਅਕਤੀ ਨੇ ਹੱਥ ਖੜ੍ਹੇ ਕਰਕੇ ਵੋਟ ਦੌਰਾਨ ਸੀਮਿੰਟ ਪਲਾਂਟ ਦੀ ਤਜਵੀਜ਼ ਨਕਾਰੀ। ਪਬਲਿਕ ਐਕਸ਼ਨ ਕਮੇਟੀ ਪੰਜਾਬ ਵੱਲੋਂ ਖੁਸ਼ਿਵੰਦਰ ਸਿੰਘ ਜੰਡ ਸਾਹਿਬ, ਡਾ. ਜ਼ਸਕੀਰਤ ਸਿੰਘ, ਡਾ. ਅਮਨਦੀਪ ਸਿੰਘ ਬੈਂਸ ਅਤੇ ਜ਼ੀਰਾ ਸ਼ਰਾਬ ਫੈਕਟਰੀ ਸੰਘਰਸ਼ ਕਮੇਟੀ ਤੋਂ ਰੋਮਨ ਬਰਾੜ ਵੱਲੋਂ ਕੰਪਨੀ ਅਤੇ ਸਬੰਧਿਤ ਅਧਿਕਾਰੀਆਂ ਨੂੰ ਸਵਾਲ ਕੀਤੇ ਗਏ। ਇਸੇ ਦੌਰਾਨ ਸੰਘਰਸ਼ ਕਮੇਟੀ ਤਲਵੰਡੀ ਅਕਲੀਆ ਤੋਂ ਸੁਖਦੀਪ ਸਿੰਘ ਪ੍ਰਧਾਨ, ਮਨਪ੍ਰੀਤ ਸਿੰਘ, ਖੁਸ਼ਵੀਰ ਸਿੰਘ, ਕਾਕਾ ਸਿੰਘ ਅਤੇ ਹੋਰ ਮੈਂਬਰਾਂ ਨੇ ਸਭ ਦਾ ਸਵਾਗਤ ਕੀਤਾ ਅਤੇ ਲੋਕ ਸੁਣਵਾਈ ਦੌਰਾਨ ਆਪਣੇ ਇਤਰਾਜ਼, ਪੰਚਾਇਤਾਂ ਦੇ ਮਤੇ, ਧਾਰਮਿਕ ਸਥਾਨਾਂ ਵੱਲੋਂ ਫੈਕਟਰੀ ਦੇ ਖਿਲਾਫ ਪਾਏ ਰੋਸ ਮਤੇ ਪ੍ਰਦੂਸ਼ਣ ਕੰਟਰੋਲ ਬੋਰਡ ਸੌਂਪੇ।