ਲਾਵਾਰਸ ਪਸ਼ੂਆਂ ਖ਼ਿਲਾਫ਼ ਵਧਣ ਲੱਗਿਆ ਲੋਕ ਰੋਹ
ਪੰਜਾਬੀ ਗਾਇਕ ਰਾਜਵੀਰ ਜਵੰਧਾ ਦੀ ਮੌਤ ਤੋਂ ਬਾਅਦ ਲਾਵਾਰਸ ਪਸ਼ੂਆਂ ਦੇ ਹੱਲ ਲਈ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਅਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਹੈ। ਸਰਦੂਲਗੜ੍ਹ ਵਾਸੀਆਂ ਨੇ ਇੱਕਮੁਠ ਹੋ ਕੇ ਲਾਵਾਰਸ ਪਸ਼ੂਆਂ ਦਾ ਪੱਕਾ ਹੱਲ ਕਨ ਲਈ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਆਪਣਾ ਮੋਰਚਾ ਲਗਾ ਦਿੱਤਾ ਹੈ। ਘੱਗਰ ਦੇ ਪੁਲ ’ਤੇ ਲਗਾਏ ਧਰਨੇ ਦੌਰਾਨ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠੇ ਦੋ ਨੌਜਵਾਨ ਅੱਜ ਵੀ ਡਟੇ ਰਹੇ। ਮੌਜੂਦਾ ਕੌਂਸਲਰ ਜਗਸੀਰ ਸਿੰਘ (ਜੱਗੀ ਜੱਫਾ) ਅਤੇ ਸਮਾਜ ਸੇਵੀ ਅੰਮ੍ਰਿਤਪਾਲ ਸਿੰਘ ਮੀਰਪੁਰ ਵੱਲੋਂ ਅੱਜ ਭੁੱਖ ਹੜਤਾਲ ਜਾਰੀ ਰੱਖੀ ਹੋਈ ਹੈ। ਇਸ ਧਰਨੇ ਨੂੰ ਲੈ ਕੇ ਸ਼ਹਿਰ ਵਾਸੀਆਂ ਦੇ ਨਾਲ-ਨਾਲ ਨੇੜਲੇ ਪਿੰਡਾਂ ਦੇ ਲੋਕਾਂ ਵੱਲੋਂ ਵੀ ਸਾਥ ਦਿੱਤਾ ਜਾ ਰਿਹਾ ਹੈ। ਧਰਨੇ ਨੂੰ ਸਬੋਧਨ ਕਰਦਿਆਂ ਬੁਲਾਰਿਆ ਨੇ ਕਿਹਾ ਕਿ ਪਿਛਲੇ ਸਮੇ ਦੌਰਾਨ ਲਾਵਾਰਸ ਪਸ਼ੂਆਂ ਕਾਰਨ ਹੋਈਆਂ ਦੁਰਘਟਨਾਵਾਂ ਨਾਲ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਪਈਆਂ ਹਨ ਪਰ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਕੋਈ ਹੱਲ ਨਹੀ ਕੀਤਾ ਜਾ ਰਿਹਾ। ਭੁੱਖ ਹੜਤਾਲ ’ਤੇ ਬੈਠੇ ਨੌਜਵਾਨਾਂ ਨੇ ਧਮਕੀ ਦਿੱਤੀ ਕਿ ਜੇ ਸਰਕਾਰ ਅਤੇ ਪ੍ਰਸ਼ਾਸਨ ਨੇ ਜਲਦੀ ਲਾਵਾਰਸ ਪਸ਼ੂਆਂ ’ਤੇ ਕਾਰਵਾਈ ਨਾ ਕੀਤੀ ਤਾਂ ਭੁੱਖ ਹੜਤਾਲ ਮਰਨ-ਵਰਤ ਵਿੱਚ ਤਬਦੀਲ ਹੋ ਸਕਦੀ ਹੈ। ਇਸ ਮੌਕੇ ਅਵਤਾਰ ਸਿੰਘ ਤਾਰੀ, ਸਾਹਿਲ ਚੌਧਰੀ, ਨੇਮ ਚੰਦ ਚੌਧਰੀ, ਸੁਖਵਿੰਦਰ ਸਿੰਘ (ਸੁੱਖਾ ਭਾਊ), ਗੁਰਲਾਲ ਸਿੰਘ ਸੋਨੀ, ਬੰਸੀ ਕਾਮਰੇਡ, ਲਾਲ ਚੰਦ ਕਾਮਰੇਡ, ਮਨੀਸ਼ ਗਰਗ, ਜਗਸੀਰ ਰੋੜਕੀ ਤੋਂ ਇਲਾਵਾ ਹੋਰ ਸ਼ਹਿਰ ਵਾਸੀ ਸ਼ਾਮਲ ਸਨ। ਭੁੱਖ ਹੜਤਾਲ ਅਤੇ ਧਰਨੇ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵੀ ਇਸ ਮਾਮਲੇ ਵਿੱਚ ਰੁਚੀ ਦਿਖਾਈ। ਨਗਰ ਪੰਚਾਇਤ ਸਰਦੂਲਗੜ੍ਹ ਦੀ ਪ੍ਰਧਾਨ ਵੀਨਾ ਰਾਣੀ ਦੇ ਪਤੀ ਪ੍ਰੇਮ ਗਰਗ, ਦਫਤਰ ਇੰਚਾਰਜ ਵਿਰਸਾ ਸਿੰਘ ਅਤੇ ਨਗਰ ਪੰਚਾਇਤ ਦੇ ਮੀਤ ਪ੍ਰਧਾਨ ਸੁਖਜੀਤ ਸਿੰਘ ਬੱਬਰ ਨੇ ਪ੍ਰੈਸ ਕਾਨਫਰੰਸ ਵਿੱਚ ਹੜਤਾਲੀਆਂ ਨੂੰ ਪੂਰਨ ਸਮਰਥਨ ਦਿਖਾਇਆ।