ਪੀ ਐੱਸ ਯੂ ਵੱਲੋਂ ਵਿਦਿਆਰਥੀਆਂ ਨੂੰ ਹੱਕਾਂ ਲਈ ਲੜਨ ਦਾ ਸੱਦਾ
ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ਿਲ੍ਹਾ ਕਨਵੀਨਰ ਅਰਵਿੰਦਰ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸ਼ਹੀਦਾਂ ਦੀ ਵਿਚਾਰਧਾਰਾ ਨੂੰ ਅਪਣਾਉਂਦੇ ਹੋਏ ਲੋਕ ਵਿਰੋਧੀ ਹੁਕਮਰਾਨਾ ਨਾਲ ਲੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਆਪਣੇ ਹੱਕਾਂ ਖਾਤਰ ਲੜਨ ਦੀ ਜੋ ਘਾਲਣਾ ਕਿਸੇ ਸਮੇਂ ਸੀ, ਉਸ ਨੂੰ ਹੁਣ ਮੁੜ ਅਪਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਵਿਦਿਆਰਥੀ ਹੀ ਲੜ ਸਕਦੇ ਹਨ ਅਤੇ ਨੌਜਵਾਨਾਂ ਨੂੰ ਭਗਤ ਸਿੰਘ ਦੀ ਸੋਚ ਅਪਣਾਕੇ ਹੀ ਅੱਗੇ ਵੱਧਣਾ ਚਾਹੀਦਾ ਹੈ। ਉਹ ਅੱਜ ਨਹਿਰੂ ਕਾਲਜ ਮਾਨਸਾ ਵਿਖੇ ਇੱਕ ਨੁੱਕੜ ਨਾਟਕ ਕਰਵਾਉਣ ਮੌਕੇ ਸੰਬੋਧਨ ਕਰ ਰਹੇ ਸਨ। ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ਿਲ੍ਹਾ ਆਗੂ ਦਲਜੀਤ ਕੌਰ ਖਾਰਾ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਵੱਲੋਂ ਲਗਾਤਾਰ ਸੂਬਿਆਂ ਦੇ ਅਧਿਕਾਰਾਂ ਨੂੰ ਕੁਚਲਿਆ ਜਾ ਰਿਹਾ ਹੈ, ਜਿਸ ਵਿੱਚੋਂ ਉਹ ਨਵੀਂ ਸਿੱਖਿਆ ਨੀਤੀ- 2020 ਨੂੰ ਲਿਆ ਕਿ ਵਿਦਿਆਰਥੀਆਂ ਦੀ ਮਾਨਸਿਕ ਤੇ ਆਰਥਿਕ ਲੁੱਟ ਕੀਤੀ ਜਾ ਰਹੀ ਹੈ। ਇਸ ਮੌਕੇ ਗੁਰਧਿਆਨ ਸਿੰਘ, ਸਾਹਿਬ ਸਿੰਘ ਭਾਟੀਆ, ਬੇਅੰਤ ਸਿੰਘ, ਸਤਨਾਮ ਸਿੰਘ ਸ਼ੇਰਪੁਰ, ਰੇਸ਼ਮਾ ਕੌਰ ਫੱਤਾ ਮਾਲਕੋ, ਜਸਪ੍ਰੀਤ ਕੌਰ, ਹੁਸਨ ਸਿੰਘ, ਕੁਲਦੀਪ ਸਿੰਘ, ਗੁਰਵਿੰਦਰ ਸਿੰਘ, ਜਸਪ੍ਰੀਤ ਕੌਰ ਝੁਨੀਰ ਨੇ ਸੰਬੋਧਨ ਕੀਤਾ।