ਬਠਿੰਡਾ ’ਚ ਖੇਤ ਮਜ਼ਦੂਰ ਅਤੇ ਲੋਕ ਮੋਰਚਾ ਦੀ ਸੂਬਾਈ ਕਨਵੈਨਸ਼ਨ
ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਲੋਕ ਮੋਰਚਾ ਪੰਜਾਬ ਨੇ ਅੱਜ ਇੱਥੇ ਜ਼ਮੀਨਾਂ ਦੀ ਪ੍ਰਾਪਤੀ ਤੇ ਰਾਖੀ ਦੇ ਮੁੱਦਿਆਂ ਬਾਰੇ ਸੂਬਾ ਪੱਧਰੀ ਕਨਵੈਨਸ਼ਨ ਕੀਤੀ। ਇਨ੍ਹਾਂ ਹੀ ਮੁੱਦਿਆਂ ’ਤੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਲਾਮਬੰਦ ਕਰਨ ਲਈ ਸੂਬੇ ਅੰਦਰ ‘ਮੁੜ ਤੋਂ ਕਰੋ ਜ਼ਮੀਨੀ ਵੰਡ’ ਲਾਮਬੰਦੀ ਮੁਹਿੰਮ ਚਲਾਉਣ ਦੀ ਸ਼ੁਰੂਆਤ ਵੀ ਕੀਤੀ ਗਈ।
ਕਨਵੈਨਸ਼ਨ ਨੂੰ ਜਮਹੂਰੀ ਹੱਕਾਂ ਦੀ ਉੱਘੀ ਕਾਰਕੁੰਨ ਡਾ. ਨਵਸ਼ਰਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁਲਕ ਦੀਆਂ ਹਕੂਮਤਾਂ ਜ਼ਮੀਨੀ ਸੁਧਾਰਾਂ ਰਾਹੀਂ ਜ਼ਮੀਨ ਦੀ ਕਾਣੀ ਵੰਡ ਖਤਮ ਕਰਨ ਦਾ ਰਸਮੀ ਏਜੰਡਾ ਕਦੋਂ ਦਾ ਤਿਆਗ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਉਲਟਾ ਜਗੀਰਦਾਰਾਂ ਸਮੇਤ ਹੁਣ ਕਾਰਪੋਰੇਟ ਘਰਾਣੇ ਵੀ ਵੱਡੀਆਂ ਜ਼ਮੀਨਾਂ ਦੀ ਮਾਲਕੀ ਰਾਹੀਂ ਨਵੇਂ ਜਗੀਰਦਾਰਾਂ ਵਜੋਂ ਸਾਹਮਣੇ ਆ ਰਹੇ ਹਨ। ਉਨ੍ਹਾਂ ਦੇਸ਼ ਭਰ ਅੰਦਰ ਕਿਸਾਨਾਂ ਦੀਆਂ ਜ਼ਮੀਨਾਂ ਕੰਪਨੀਆਂ ਨੂੰ ਸੌਂਪਣ ਲਈ ਹੋ ਰਹੇ ਹਮਲੇ ਦੇ ਆਕਾਰ-ਪਾਸਾਰ ਬਾਰੇ ਚਰਚਾ ਕਰਦਿਆਂ, ਕੰਪਨੀਆਂ ਨੂੰ ਜ਼ਮੀਨਾਂ ਸੌਂਪਣ ਦੀ ਥਾਂ ਜ਼ਮੀਨੀ ਸੁਧਾਰਾਂ ਰਾਹੀਂ ਖੇਤ ਮਜ਼ਦੂਰਾਂ ਅਤੇ ਗਰੀਬ ਕਿਸਾਨਾਂ ਨੂੰ ਜ਼ਮੀਨਾਂ ਦੀ ਮਾਲਕੀ ਦੇ ਹੱਕ ਦੇਣ ਦੀ ਮੰਗ ਕੀਤੀ।
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਲਛਮਣ ਸਿੰਘ ਸੇਵੇਵਾਲਾ, ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਅਤੇ ਬੀਕੇਯੂ (ਉਗਰਾਹਾਂ) ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਮੰਗਾਂ ਦਾ ਜ਼ਿਕਰ ਕੀਤਾ ਜਿਵੇਂ ਲੈਂਡ ਸੀਲਿੰਗ ਐਕਟ ਸਖ਼ਤੀ ਨਾਲ ਲਾਗੂ ਕਰਨ, ਜਗੀਰਦਾਰਾਂ ਨੂੰ ਵਾਧੂ ਜ਼ਮੀਨਾਂ ਰੱਖਣ ਦੇ ਦਿੱਤੇ ਰਾਹ ਬੰਦ ਕਰਨ, ਸਭ ਪਰਿਵਾਰਾਂ ਨੂੰ ਜ਼ਮੀਨ ਦੇਣ ਦੀ ਲੋੜ ਅਨੁਸਾਰ ਜ਼ਮੀਨ ਦੀ ਹੱਦਬੰਦੀ ਤਰਕ ਸੰਗਤ ਕਰਨ, ਸ਼ਾਹੂਕਾਰਾ ਲੁੱਟ ਦਾ ਖਾਤਮਾ ਕਰਨ, ਸਰਕਾਰੀ ਨਜੂਲ ਤੇ ਬੇਨਾਮੀਆਂ ਜ਼ਮੀਨਾਂ ਖੇਤ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਲਈ ਰਾਖਵੀਆਂ ਕਰਨ ਅਤੇ ਇਨ੍ਹਾਂ ਨੂੰ ਵੱਡੀਆਂ ਕੰਪਨੀਆਂ ਨੂੰ ਸੌਂਪਣ ਉੱਤੇ ਮੁਕੰਮਲ ਰੋਕ ਲਾਉਣ, ਆਬਾਦਕਾਰ ਕਿਸਾਨਾਂ ਮਜ਼ਦੂਰਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦੇਣ ਅਤੇ ਸਾਬਕਾ ਤੇ ਮੌਜੂਦਾ ਜਗੀਰਦਾਰਾਂ ਵੱਲੋਂ ਮੁਜ਼ਾਰੇ ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਣ ਦੇ ਕਦਮ ਰੋਕਣ, ਸੂਦਖੋਰੀ ਨੂੰ ਨੱਥ ਮਾਰਦਾ ਕਾਨੂੰਨ ਬਨਾਉਣ ਤੇ ਲਾਗੂ ਕਰਨ ਵਰਗੀਆਂ ਮੰਗਾਂ ਲਈ ਜਥੇਬੰਦ ਹੋਣ ਅਤੇ ਸੰਘਰਸ਼ ਦਾ ਪਿੜ ਮੱਲਣ।
ਜੋਰਾ ਸਿੰਘ ਨਸਰਾਲੀ ਦੇ ਮੰਚ ਸੰਚਾਲਨ ’ਚ ਹੋਈ ਇਸ ਕਨਵੈਨਸ਼ਨ ਮੌਕੇ ਸਾਂਝੇ ਤੌਰ ’ਤੇ ਐਲਾਨ ਕੀਤਾ ਗਿਆ ਕਿ ਆਉਂਦੇ ਮਹੀਨਾ ਭਰ ਪੰਜਾਬ ਦੇ ਵੱਖ-ਵੱਖ ਖੇਤਰਾਂ ਅੰਦਰ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਕਾਨਫਰੰਸਾਂ ਅਤੇ ਜਨਤਕ ਮੁਜ਼ਾਹਰੇ ਕੀਤੇ ਜਾਣਗੇ। ਮੰਚ ਸੰਚਾਲਨ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕੀਤਾ।