ਝੋਨੇ ਦੀ ਖਰੀਦ ਬੰਦ ਹੋਣ ’ਤੇ ਰੋਸ ਪ੍ਰਗਟਾਇਆ
ਇੱਥੋਂ ਨੇੜਲੇ ਪਿੰਡ ਖਿਆਲਾ ਕਲਾਂ, ਖਿਆਲਾ ਖੁਰਦ ਅਤੇ ਮਲਕਪੁਰ ਖਿਆਲਾ ਦੀ ਸਾਂਝੀ ਅਨਾਜ ਮੰਡੀ ਵਿੱਚ 19 ਨਵੰਬਰ ਤੋਂ ਝੋਨੇ ਦੀ ਖਰੀਦ ਬੰਦ ਹੋਣ ਕਾਰਨ ਮਜਬੂਰ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ)- ਡਕੌਂਦਾ ਦੇ ਝੰਡੇ ਹੇਠ ਬਲਾਕ ਪ੍ਰਧਾਨ ਬਲਜੀਤ ਸਿੰਘ ਭੈਣੀਬਾਘਾ ਦੀ ਅਗਵਾਈ ਹੇਠ ਇਕੱਠ ਕੀਤਾ ਗਿਆ। ਧਰਨਾਕਾਰੀਆਂ ਨੇ ਕਿਹਾ ਕਿ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਬਿਜਾਈ ਮੌਕੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਨੂੰ ਬੀਜਣ ਦਾ ਸਲਾਹ ਦਿੱਤੀ ਗਈ ਸੀ, ਪਰ ਜਦੋਂ ਵੱਡੀ ਪੱਧਰ ਉੱਤੇ ਲੋਕਾਂ ਵੱਲੋਂ ਸਰਕਾਰ ਦੀ ਗੱਲ ਉੱਤੇ ਪਹਿਰਾ ਦਿੰਦਿਆਂ ਦੱਸੀਆਂ ਕਿਸਮਾਂ ਦੀ ਬਿਜਾਈ ਕੀਤੀ ਗਈ ਤਾਂ ਹੁਣ ਮੰਡੀਆਂ ਵਿੱਚ ਖਰੀਦ ਬੰਦ ਹੋਣ ਕਾਰਨ ਲੋਕ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਬੇ-ਮੌਸਮੀ ਬਰਸਾਤ ਤੇ ਗਰਮੀ ਪੈਣ ਕਾਰਨ ਜਿੱਥੇ ਝੋਨੇ ਦੇ ਝਾੜ ਘਟਣ ਕਾਰਨ ਨੁਕਸਾਨ ਹੋਇਆ ਹੈ, ਉੱਥੇ ਖਰੀਦ ਬੰਦ ਹੋਣ ਕਾਰਨ ਹਫ਼ਤਿਆਂਬੱਧੀ ਮੰਡੀਆਂ ਵਿੱਚ ਪਈ ਫ਼ਸਲ ਸੁੱਕਣ ਕਾਰਨ ਦੋਹਰੀ ਮਾਰ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਪੁੱਜੇ ਅਧਿਕਾਰੀਆਂ ਵੱਲੋਂ ਮੰਡੀ ਵਿੱਚ ਖਰੀਦ ਤੁਰੰਤ ਚਾਲੂ ਕਰਨ ਅਤੇ ਨਾਲ ਹੀ ਖੇਤਾਂ ਵਿੱਚ ਖੜ੍ਹੀ ਫ਼ਸਲ ਆਉਂਦੇ ਦਿਨਾਂ ਵਿੱਚ ਖਰੀਦਣ ਦਾ ਭਰੋਸਾ ਦਿੱਤਾ ਗਿਆ, ਜਿਸ ਉੱਤੇ ਜਥੇਬੰਦੀ ਵੱਲੋਂ ਧਰਨੇ ਦੀ ਸਮਾਪਤੀ ਕੀਤੀ ਗਈ। ਇਸ ਮੌਕੇ ਸਿਕੰਦਰ ਸਿੰਘ, ਗੁਰਸੇਵਕ ਸਿੰਘ, ਰਾਜਾ ਸਿੰਘ, ਕਰਨੈਲ ਸਿੰਘ, ਸਤਬੀਰ ਸਿੰਘ, ਜਗਸੀਰ ਸਿੰਘ, ਬੀਰਬਲ ਸਿੰਘ, ਪਰਗਟ ਸਿੰਘ ਤੇ ਵਰਿਆਮ ਸਿੰਘ ਨੇ ਵੀ ਸੰਬੋਧਨ ਕੀਤਾ।
