ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਾਲਵਾ ਦੇ ਸਾਰੇ ਜ਼ਿਲ੍ਹਿਆਂ ਦੇ ਬਿਜਲੀ ਦਫ਼ਤਰਾਂ ਅੱਗੇ ਧਰਨੇ

ਬਿਜਲੀ ਤੇ ਬੀਜ ਬਿੱਲਾਂ ਦੀਆਂ ਕਾਪੀਆਂ ਸਾੜੀਆਂ; ਬਿੱਲ ਵਾਪਸ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ
ਮਾਨਸਾ ਵਿੱਚ ਬਿਜਲੀ ਦਫ਼ਤਰ ਅੱਗੇ ਕਿਸਾਨ ਆਗੂ ਬਿਜਲੀ ਬਿੱਲ-2025 ਦੀਆਂ ਕਾਪੀਆਂ ਸਾੜਦੇ ਹੋਏ। -ਫੋਟੋ: ਸੁਰੇਸ਼
Advertisement
ਪਿੰਡ ਬਾਦਲ ਵਿੱਚ ਪਾਵਰਕੌਮ ਦਫ਼ਤਰ ਅੱਗੇ ਨਾਅਰੇਬਾਜ਼ੀ ਕਰਦੇ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਕਾਰਕੁਨ।

ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਬਿੱਲ 2025 ਅਤੇ ਨਵੇਂ ਸੀਡ ਬਿੱਲ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿਚਲੇ ਬਿਜਲੀ ਦਫ਼ਤਰਾਂ ਅੱਗੇ ਕਿਸਾਨ, ਬਿਜਲੀ ਮੁਲਾਜ਼ਮ ਅਤੇ ਜਥੇਬੰਦੀਆਂ ਵੱਲੋਂ ਧਰਨਾ ਦੇਣ ਉਪਰੰਤ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ। ਮਾਨਸਾ ਦੇ ਐੱਸ ਡੀ ਓ ਦਫ਼ਤਰ ਅੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਅਤੇ ਬੀ ਕੇ ਯੂ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਹੁਣ ਬਿਜਲੀ ਵਿਭਾਗ ਨੂੰ ਹੁਣ ਪੂੰਜੀਪਤੀਆਂ ਨੂੰ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਸੇ ਤਰ੍ਹਾਂ ਨਵਾਂ ਸੀਡ ਐਕਟ ਲਿਆ ਕੇ ਖੇਤੀ ਜਿਨਸਾਂ ਦੇ ਬੀਜਾਂ ’ਤੇ ਵੱਡੀਆਂ ਕੰਪਨੀਆਂ ਦਾ ਕਬਜ਼ਾ ਕਰਵਾਇਆ ਜਾ ਰਿਹਾ।

ਇਸ ਮੌਕੇ ਬੀ ਕੇ ਯੂ ਮਾਨਸਾ ਦੇ ਸੂਬਾ ਆਗੂ ਬੋਘ ਸਿੰਘ, ਬੀ ਕੇ ਯੂ (ਕਾਦੀਆਂ) ਦੇ ਪਰਮਜੀਤ ਸਿੰਘ ਗਾਗੋਵਾਲ, ਬੀ ਕੇ ਯੂ (ਡਕੌਂਦਾ) ਦੇ ਮਹਿੰਦਰ ਸਿੰਘ ਭੈਣੀਬਾਘਾ, ਮਜ਼ਦੂਰ ਆਗੂ ਗੁਰਸੇਵਕ ਸਿੰਘ, ਬਿਜਲੀ ਮੁਲਾਜ਼ਮ ਆਗੂ ਦਰਸ਼ਨ ਸਿੰਘ ਜੋਗਾ ਤੇ ਜਸਵੀਰ ਕੌਰ ਨੱਤ ਨੇ ਵੀ ਸੰਬੋਧਨ ਕੀਤਾ।

Advertisement

ਗੋਨਿਆਣਾ ਮੰਡੀ (ਮਨੋਜ ਸ਼ਰਮਾ): ਗੋਨਿਆਣਾ ਮੰਡੀ ਸਬ-ਡਿਵੀਜ਼ਨ ਦੇ ਪਾਵਰਕੌਮ ਦਫ਼ਤਰ ਅੱਗੇ ਅੱਜ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਨੇ ਬਿਜਲੀ ਬਿੱਲ 2025 ਖ਼ਿਲਾਫ਼ ਰੋਸ ਪ੍ਰਗਟ ਕੀਤਾ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਬਿੱਲ ਦੀਆਂ ਕਾਪੀਆਂ ਸਾੜੀਆਂ। ਬੁਲਾਰਿਆਂ ਨੇ ਕਿਹਾ ਕਿ ਬਿਜਲੀ ਬਿਲ 2025 ਲੋਕ ਵਿਰੋਧੀ ਤੇ ਨਿੱਜੀਕਰਨ ਵੱਲ ਧੱਕਣ ਵਾਲੀ ਨੀਤੀ ਹੈ। ਧਰਨੇ ਨੂੰ ਮਜ਼ਦੂਰ ਆਗ ਰੇਸਮ ਕੁਮਾਰ (ਟੀ ਐੱਸ ਯੂ ਮੰਗਲ), ਬਲਕਰਨ ਸਿੰਘ (ਕੁੱਲ ਹਿੰਦ ਕਿਸਾਨ ਸਭਾ), ਜਨਕ ਸਿੰਘ (ਸੀ ਐੱਚ ਬੀ), ਹਰਜੀਤ ਕੁਮਾਰ (ਐੱਮ ਯੂ ਓ), ਪ੍ਰਕਾਸ਼ ਨੰਦਗੜ (ਦਿਹਾਤੀ ਮਜ਼ਦੂਰ ਸਭਾ) ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਬਿੱਲ ਵਾਪਸ ਹੋਣ ਤਕ ਸੰਘਰਸ਼ ਜਾਰੀ ਰਹੇਗਾ।

ਬਰਨਾਲਾ (ਪਰਸ਼ੋਤਮ ਬੱਲੀ): ਐੱਸ ਕੇ ਐੱਮ ਦੇ ਸੱਦੇ ਉੱਪਰ ਕਿਸਾਨਾਂ ਤੇ ਮੁਲਾਜ਼ਮਾਂ/ ਪੈਨਸ਼ਨਰਜ਼ ਨੇ ਪਾਵਰਕੌਮ ਦੇ ਮੁੱਖ ਦਫ਼ਤਰ ਧਨੌਲਾ ਰੋਡ ਬਰਨਾਲਾ ਵਿੱਚ ਧਰਨਾ ਦਿੱਤਾ। ਇਸ ਦੌਰਾਨ ਬੁੱਕਣ ਸਿੰਘ ਸੱਦੋਵਾਲ, ਬਾਬੂ ਸਿੰਘ ਖੁੱਡੀ ਕਲਾਂ, ਮਨਜੀਤ ਰਾਜ, ਸੁਖਜੰਟ ਸਿੰਘ, ਗੁਰਚਰਨ ਸਿੰਘ ਬਰਨਾਲਾ, ਗੁਰਲਾਭ ਸਿੰਘ, ਨਰਾਇਣ ਦੱਤ ਨੇ ਬਿਜਲੀ ਸੋਧ ਬਿਲ-2025 ਦੀ ਵਿਸਥਾਰ ਵਿੱਚ ਵਿਆਖਿਆ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੂੰਜੀਪਤੀਆਂ ਨੂੰ ਮੁਨਾਫ਼ਾ ਦੇਣ ਲਈ ਲੋਕ ਵਿਰੋਧੀ ਫ਼ੈਸਲੇ ਕੀਤੇ ਜਾ ਰਹੇ ਹਨ। ਆਗੂਆਂ ਕਿਹਾ ਕਿ ਕਿਉਂਕਿ ਇਹ ਹਮਲਾ ਬਹੁਤ ਵੱਡਾ ਹੈ, ਇਸ ਕਰ ਕੇ ਪੰਜਾਬ ਦੀਆਂ ਪੇਂਡੂ ਤੇ ਖੇਤ ਮਜ਼ਦੂਰ ਯੂਨੀਅਨਾਂ, ਸੰਯੁਕਤ ਕਿਸਾਨ ਮੋਰਚਾ, ਪਾਵਰਕੌਮ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੋਇਆ ਸੀ।

ਜ਼ੀਰਾ (ਹਰਮੇਸ਼ ਪਾਲ ਨੀਲੇਵਾਲਾ): ਇੱਥੇ ਬਿਜਲੀ ਅੱਗੇ ਬੀ ਕੇ ਯੂ ਕਾਦੀਆਂ, ਬੀ ਕੇ ਯੂ ਕ੍ਰਾਂਤੀਕਾਰੀ, ਬੀ ਕੇ ਯੂ ਡਕੌਂਦਾ, ਟਰੇਡ ਯੂਨੀਅਨ ਕੌਂਸਲ ਜ਼ੀਰਾ ਆਦਿ ਵੱਲੋਂ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਧੱਕਾ ਕਰ ਰਹੀ ਹੈ, ਉੱਥੇ ਹੀ ਆਪਣੇ ਆਪ ਨੂੰ ਆਮ ਲੋਕਾਂ ਦੀ ਸਰਕਾਰ ਕਹਾਉਣ ਵਾਲੀ ਪੰਜਾਬ ਸਰਕਾਰ ਬਿਜਲੀ ਖਰੜਾ ਰੱਦ ਨਾ ਕਰ ਕੇ ਲੋਕਾਂ ਦੇ ਵਿਰੁੱਧ ਵਿੱਚ ਭੁਗਤ ਰਹੀ ਹੈ,ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਲੰਬੀ (ਇਕਬਾਲ ਸਿੰਘ ਸ਼ਾਂਤ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ, ਮੁਲਾਜ਼ਮ ਤੇ ਮਜ਼ਦੂਰ ਜਥੇਬੰਦੀਆਂ ਨੇ ਅੱਜ ਪਾਵਰਕੌਮ ਦੇ ਡਿਵੀਜ਼ਨਲ ਦਫ਼ਤਰ ਬਾਦਲ ਅੱਗੇ ਬਿਜਲੀ ਸੋਧ ਬਿੱਲ-2025 ਅਤੇ ਬੀਜ ਸੋਧ ਬਿੱਲ ਖ਼ਿਲਾਫ਼ ਧਰਨਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਦੋਵੇਂ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਰੋਸ ਜਤਾਇਆ। ਰੈਲੀ ਨੂੰ ਬੀ ਕੇ ਯੂ (ਏਕਤਾ)- ਉਗਰਾਹਾਂ ਦੇ ਗੁਰਪਾਸ਼ ਸਿੰਘ, ਬੀ ਕੇ ਯੂ ਡਕੌਂਦਾ (ਧਨੇਰ) ਦੇ ਹਰਵਿੰਦਰ ਸਿੰਘ ਕੋਟਲੀ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਲਛਮਣ ਸੇਵੇਵਾਲਾ, ਕੁੱਲ ਹਿੰਦ ਕਿਸਾਨ ਸਭਾ ਦੇ ਚਰਨਜੀਤ ਵਣਵਾਲਾ, ਬਿਜਲੀ ਮੁਲਾਜ਼ਮਾਂ ਦੇ ਸਾਂਝੇ ਫੋਰਮ ਤੋਂ ਟੀ ਐੱਸ ਯੂ ਦੇ ਵਰਿੰਦਰ ਬਾਜਵਾ, ਪੈਨਸ਼ਨਰ ਐਸੋਸੀਏਸ਼ਨ ਦੇ ਦਿਲਾਵਰ ਸਿੰਘ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਰਾਕੇਸ਼ ਕੁਮਾਰ, ਮਜ਼ਦੂਰ ਆਗੂ ਕਾਲਾ ਸਿੰਘ ਸਿੰਘੇਵਾਲਾ ਆਦਿ ਨੇ ਸੰਬੋਧਨ ਕੀਤਾ।

ਧਰਮਕੋਟ (ਹਰਦੀਪ ਸਿੰਘ): ਬਿਜਲੀ ਸੋਧ ਬਿੱਲ 2025 ਦੇ ਵਿਰੋਧ ਵਿੱਚ ਇੱਥੇ ਬਿਜਲੀ ਦਫ਼ਤਰ ਦੇ ਸਾਹਮਣੇ ਕਿਸਾਨ ਜਥੇਬੰਦੀਆਂ ਨੇ ਅੱਜ ਧਰਨਾ ਦਿੱਤਾ। ਕੁਲ ਹਿੰਦ ਕਿਸਾਨ ਸਭਾ ਦੇ ਆਗੂ ਕਾਮਰੇਡ ਸੂਰਤ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਕੁਲਦੀਪ ਭੋਲਾ ਅਤੇ ਕਿਸਾਨ ਯੂਨੀਅਨ ਦੇ ਤਹਿਸੀਲ ਪ੍ਰਧਾਨ ਸੁਰਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਬਿਜਲੀ ਦਫ਼ਤਰ ਦੇ ਅੱਗੇ ਇਕੱਠੇ ਹੋਏ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਇਸ ਲੋਕ ਮਾਰੂ ਫ਼ੈਸਲੇ ਦੀ ਨੁਕਤਾਚੀਨੀ ਕੀਤੀ।

ਤਪਾ ਮੰਡੀ (ਰੋਹਿਤ ਗੋਇਲ/ਸੀ ਮਾਰਕੰਡਾ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਜਨਤਕ ਜਥੇਬੰਦੀਆਂ, ਬਿਜਲੀ ਬੋਰਡ ਪੈਨਸ਼ਨਰਜ਼ ਐਸੋਸੀਏਸ਼ਨ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਬਿਜਲੀ ਸੋਧ ਬਿੱਲ 2025 ਅਤੇ ਸੀਡ ਬਿੱਲ 2025 ਰਾਹੀਂ ਬਿਜਲੀ ਬੋਰਡ ਦੇ ਕੀਤੇ ਜਾ ਰਹੇ ਨਿੱਜੀਕਰਨ ਤੇ ਕਿਸਾਨਾਂ ਤੋਂ ਆਪਣਾ ਬੀਜ ਵਰਤਣ ਵਿਰੁੱਧ ਕੀਤੇ ਜਾ ਰਹੇ ਫ਼ੈਸਲਿਆਂ ਸਬੰਧੀ ਬਿਜਲੀ ਗਰਿਡ ਤਪਾ ਅੱਗੇ ਧਰਨਾ ਦੇ ਕੇ ਸਰਕਾਰਾਂ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਬਿਜਲੀ ਬਿੱਲ 2025 ਅਤੇ ਸੀਡ ਬਿੱਲ 2025 ਦੀਆਂ ਕਾਪੀਆਂ ਸਾੜੀਆਂ।

ਭਦੌੜ (ਰਾਜਿੰਦਰ ਵਰਮਾ): ਕਿਸਾਨ ਜਥੇਬੰਦੀਆਂ ਨੇ ਬਿਜਲੀ ਸੋਧ ਬਿੱਲ 2025 ਅਤੇ ਸੀਡ ਬਿੱਲ 2025 ਖ਼ਿਲਾਫ਼ ਸਬ-ਗਰਿੱਡ ਭਦੌੜ ਅੱਗੇ ਧਰਨਾ ਦੇ ਕੇ ਬਿੱਲਾਂ ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਬੀ ਕੇ ਯੂ ਏਕਤਾ ਡਕੌਂਦਾ ਧਨੇਰ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਭਦੌੜ, ਚਮਕੌਰ ਸਿੰਘ ਨੈਣੇਵਾਲ, ਦਰਸ਼ਨ ਸਿੰਘ ਉੱਗੋਕੇ, ਮਲਕੀਤ ਸਿੰਘ ਸੰਧੂ ਕਲਾਂ, ਟੀ ਐੱਸ ਯੂ ਦੇ ਕੁਲਵੰਤ ਸਿੰਘ, ਰਿਟਾਇਰ ਮੁਲਾਜ਼ਮਾਂ ਦੇ ਆਗੂ ਬਲਵੰਤ ਸਿੰਘ, ਬੂਟਾ ਸਿੰਘ ਮੱਲੀਆਂ, ਨਿੱਕਾ ਸਿੰਘ ਸੰਧੂ ਕਲਾਂ, ਗੁਰਮੇਲ ਸ਼ਰਮਾ, ਭੋਲਾ ਸਿੰਘ ਛੰਨਾਂ, ਦਰਸ਼ਨ ਸਿੰਘ ਚੀਮਾ, ਬਿੰਦਰਪਾਲ ਕੌਰ, ਸੰਦੀਪ ਸਿੰਘ ਚੀਮਾ ਆਦਿ ਆਗੂਆਂ ਨੇ ਸੰਬੋਧਨ ਕੀਤਾ।

ਮਹਿਲ ਕਲਾਂ (ਲਖਵੀਰ ਸਿੰਘ ਚੀਮਾ): ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ ਅਤੇ ਬੀਜ ਬਿੱਲ 2025 ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਨੇ ਮਹਿਲ ਕਲਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ। ਮਹਿਲ ਕਲਾਂ ਦੇ ਬਿਜਲੀ ਗਰਿੱਡ ਅੱਗੇ ਲਗਾਏ ਧਰਨੇ ਦੌਰਾਨ ਕਿਸਾਨਾਂ ਨੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੀ ਕੇ ਯੂ ਡਕੌਂਦਾ ਦੇ ਸੂਬਾ ਆਗੂ ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ ਅਤੇ ਬੀ ਕੇ ਯੂ ਉਗਰਾਹਾਂ ਦੇ ਆਗੂ ਕੁਲਜੀਤ ਸਿੰਘ ਵਜੀਦਕੇ ਕਲਾਂ ਨੇ ਕਿਹਾ ਕਿ ਦੋਵੇਂ ਬਿੱਲਾਂ ਸਬੰਧੀ ਪੰਜਾਬ ਦੀ ‘ਆਪ’ ਸਰਕਾਰ ਨੇ ਵੀ ਚੁੱਪ ਵੱਟੀ ਹੋਈ ਹੈ।

ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਵਫ਼ਦ ਨੇ ਸ਼ਹਿਣਾ ਬਿਜਲੀ ਸਬ-ਡਿਵੀਜ਼ਨ ’ਤੇ ਧਰਨਾ ਦਿੱਤਾ। ਧਰਨੇ ਦੀ ਅਗਵਾਈ ਜ਼ਿਲ੍ਹਾ ਪ੍ਰਬੰਧਕ ਸਕੱਤਰ ਗੁਰਵਿੰਦਰ ਸਿੰਘ ਨਾਮਧਾਰੀ ਨੇ ਕੀਤੀ। ਇਸ ਮੌਕੇ ਕਸਬਾ ਸ਼ਹਿਣਾ ਸਣੇ ਪਿੰਡ ਚੂੰਘਾਂ, ਮੱਲੀਆਂ, ਲੀਲੋ ਕੋਠੇ ਦੇ ਕਿਸਾਨਾਂ ਨੇ ਹਿੱਸਾ ਲਿਆ। ਕਿਸਾਨਾਂ ਨੇ ਐੱਸ ਡੀ ਓ ਸ਼ਹਿਣਾ ਯੋਨੀ ਗਰਗ ਅਤੇ ਐੱਸ ਡੀ ਓ ਨਿਰਮਲ ਸਿੰਘ ਨੂੰ ਮੰਗ ਪੱਤਰ ਦਿੱਤਾ।

ਨਥਾਣਾ (ਭਗਵਾਨ ਦਾਸ ਗਰਗ): ਬਿਜਲੀ ਸੋਧ ਬਿੱਲ ਅਤੇ ਸੀਡ ਬਿੱਲ 2025 ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਇੱਥੇ ਪਾਵਰ ਨਿਗਮ ਦੇ ਐੱਸ ਡੀ ਓ ਦਫ਼ਤਰ ਦੇ ਬਾਹਰ ਤਿੰਨ ਘੰਟੇ ਧਰਨਾ ਦਿੱਤਾ। ਬੀ ਕੇ ਯੂ (ਏਕਤਾਂ)- ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਅਤੇ ਲਖਵੀਰ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਪੂਹਲੀ ਅਤੇ ਬਖਸ਼ੀਸ਼ ਸਿੰਘ, ਬੀ ਕੇ ਯੂ ਡਕੌਂਦਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ ਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਇਸ ਧਰਨੇ ਨੂੰ ਸੰਬੋਧਨ ਕੀਤਾ।

ਰਾਮਪੁਰਾ ਫੂਲ (ਰਮਨਦੀਪ ਸਿੰਘ): ਪਾਵਰਕੌਮ ਦਫ਼ਤਰ ਰਾਮਪੁਰਾ ਫੂਲ ਅੱਗੇ ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ 2025 ਖ਼ਿਲਾਫ਼ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ। ਇਸ ਸਮੇਂ ਕਿਸਾਨ ਆਗੂ ਗੁਰਦੀਪ ਸਿੰਘ ਰਾਮਪੁਰਾ ਨੇ ਆਗੂਆਂ ਅਤੇ ਆਮ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਚੋਣਾਂ ਦੇ ਰੌਲ਼ੇ ਰੱਪੇ ਤੋਂ ਨਿਰਲੇਪ ਰਹਿ ਕੇ ਬਿਜਲੀ ਸੋਧ ਬਿੱਲ 2025, ਬੀਜ ਬਿੱਲ 2025, ਮੁਕਤ ਵਪਾਰ ਸਮਝੌਤੇ ਅਤੇ ਚਾਰ ਲੇਬਰ ਕੋਡਜ਼ ਖ਼ਿਲਾਫ਼ ਲੜਨਾ ਚਾਹੀਦਾ ਹੈ।

ਏਲਨਾਬਾਦ (ਜਗਤਾਰ ਸਮਾਲਸਰ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਅੱਜ ਪਿੰਡ ਕਰੀਵਾਲਾ, ਵਣੀ, ਅੰਮ੍ਰਿਤਸਰ ਕਲਾਂ ਸਣੇ ਹੋਰ ਪਿੰਡਾਂ ਵਿੱਚ ਲੋਕਾਂ ਨੇ ਬਿਜਲੀ ਅਤੇ ਬੀਜ ਬਿੱਲ 2025 ਦੀਆਂ ਕਾਪੀਆਂ ਸਾੜਕੇ ਕੇਂਦਰ ਸਰਕਾਰ ਤੋਂ ਦੋਵਾਂ ਬਿੱਲਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਹਰਿਆਣਾ ਕਿਸਾਨ ਸਭਾ (1936) ਦੇ ਸਰਪ੍ਰਸਤ ਕਾਮਰੇਡ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਸਰਕਾਰਾਂ ਦੀਆਂ ਇਨ੍ਹਾਂ ਨੀਤੀਆਂ ਨਾਲ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਤੇ ਆਮ ਖ਼ਪਤਕਾਰਾਂ ਦੀ ਪਹੁੰਚ ਤੋਂ ਬਿਜਲੀ ਬਾਹਰ ਹੋ ਜਾਵੇਗੀ। ਬੀਜ ਬਿੱਲ 2025 ਤਹਿਤ ਬੀਜਾਂ ’ਤੇ ਪੂੰਜੀਪਤੀ ਕਾਬਜ਼ ਹੋ ਜਾਣਗੇ।

ਸਿਰਸਾ (ਪ੍ਰਭੂ ਦਿਆਲ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਕਿਸਾਨਾਂ ਨੇ ਬਿਜਲੀ ਤੇ ਬੀਜ ਬਿੱਲ 2025 ਦੀਆਂ ਕਾਪੀਆਂ ਸਾੜ ਕੇ ਕੇਂਦਰ ਸਰਕਾਰ ਤੋਂ ਇਨ੍ਹਾਂ ਬਿੱਲਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਚੇਤਾਵਨੀ ਦਿੱਤੀ ਕਿ ਜੇ ਇਹ ਬਿੱਲ ਵਾਪਸ ਨਾ ਲਏ ਗਏ ਤਾਂ ਕਿਸਾਨ ਤਿੱਖਾ ਅੰਦੋਲਨ ਕਰਨ ਲਈ ਮਜਬੂਰ ਹੋਣਗੇ।

 

ਠੇਕਾ ਮੁਲਾਜ਼ਮਾਂ ਵੱਲੋਂ ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ

ਭੁੱਚੋ ਮੰਡੀ (ਪਵਨ ਗੋਇਲ): ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਭੁੱਚੋ ਕਲਾਂ ਵਿੱਚ ਪਾਵਰਕੌਮ ਦੇ ਐੱਸ ਡੀ ਓ ਦੇ ਦਫ਼ਤਰ ਅੱਗੇ ਬਿਜਲੀ ਸੋਧ ਬਿੱਲ 2025 ਵਿਰੁੱਧ ਧਰਨਾ ਦਿੱਤਾ ਅਤੇ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਬਿਜਲੀ ਸੋਧ ਬਿੱਲ-2025 ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਬੀ ਕੇ ਯੂ (ਏਕਤਾ)- ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਹਰਿੰਦਰ ਕੌਰ ਬਿੰਦੂ ਤੇ ਕਰਮਜੀਤ ਕੌਰ, ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਲਹਿਰਾ, ਬੀ ਕੇ ਯੂ (ਧਨੇਰ) ਦੇ ਆਗੂ ਜਗਦੇਵ ਸਿੰਘ, ਚੰਦ ਸਿੰਘ, ਬੀ ਕੇ ਯੂ ਏਕਤਾ (ਬੂਟਾ ਬੁਰਜਗਿੱਲ) ਦੇ ਬਲਾਕ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤੇਜਾ ਸਿੰਘ ਅਤੇ ਠੇਕਾ ਮੁਲਾਜ਼ਮ ਆਗੂ ਸੰਦੀਪ ਸਿੰਘ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਰੱਜ ਕੇ ਭੜਾਸ ਕੱਢੀ। ਧਰਨੇ ਵਿੱਚ ਔਰਤਾਂ ਸ਼ਾਮਲ ਸਨ। ਇਸੇ ਤਰ੍ਹਾਂ ਜੀ ਐੱਚ ਟੀ ਪੀ ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਲਹਿਰਾ ਮੁਹੱਬਤ ਦੇ ਬੈਨਰ ਹੇਠ ਅੱਜ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦੇ ਠੇਕਾ ਮੁਲਾਜ਼ਮਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਥਰਮਲ ਦੇ ਮੁੱਖ ਗੇਟ ਅੱਗੇ ਸਰਕਾਰਾਂ ਖ਼ਿਲਾਫ਼ ਰੋਸ ਰੈਲੀ ਕੀਤੀ ਅਤੇ ਬਿਜਲੀ ਸੋਧ ਬਿੱਲ ਐਕਟ-2025 ਦੀਆਂ ਕਾਪੀਆਂ ਸਾੜੀਆਂ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।

Advertisement
Show comments