ਮਾਨਸਾ ਗੋਲੀ ਕਾਂਡ ਬਾਰੇ ਸੰਘਰਸ਼ ਮੁਲਤਵੀ
ਮਾਨਸਾ ’ਚ ਵਾਪਰੇ ਗੋਲੀ ਕਾਂਡ ਸਬੰਧੀ ਸੰਘਰਸ਼ ਕਮੇਟੀ ਵੱਲੋਂ ਅੱਜ ਇੱਥੇ ਐੱਸ ਐੱਸ ਪੀ ਦਫ਼ਤਰ ਵਿੱਚ ਡੀ ਆਈ ਜੀ ਬਠਿੰਡਾ ਰੇਂਜ ਹਰਜੀਤ ਸਿੰਘ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਕਮੇਟੀ ਆਗੂਆਂ ਨੇ ਆਪਣਾ ਪੱਖ ਪੇਸ਼ ਕੀਤਾ। ਜ਼ਿਲ੍ਹਾ ਪੁਲੀਸ ਮਾਮਲੇ ਸਬੰਧੀ ਰਹੀਆਂ ਊਣਤਾਈਆਂ ਸੀਨੀਅਰ ਅਧਿਕਾਰੀ ਸਾਹਮਣੇ ਰੱਖੀਆਂ।
ਪ੍ਰਸ਼ਾਸਨ ਨਾਲ ਵਿਚਾਰ-ਵਟਾਂਦਰੇ ਉਪਰੰਤ ਮੁੱਖ ਤੌਰ ’ਤੇ ਚਾਰ ਨੁਕਤੇ ਉੱਭਰਕੇ ਸਾਹਮਣੇ ਆਏ। ਇਨ੍ਹਾਂ ਵਿੱਚ ਗੋਲੀ ਕਾਂਡ ਨਾਲ ਸਬੰਧਤ ਮੁਲਜ਼ਮਾਂ ਦੀ ਸ਼ਨਾਖ਼ਤ ਕਰਵਾਉਣਾ ਤੇ ਸਾਜ਼ਿਸ਼ ਦਾ ਪਰਦਾਫਾਸ਼ ਕਰਨਾ, ਪੀੜਤ ਪਰਿਵਾਰ ਲਈ ਤੁਰੰਤ ਸੁਰੱਖਿਆ ਪ੍ਰਦਾਨ ਕਰਵਾਉਣਾ, ਜ਼ਿਲ੍ਹੇ ’ਚ ਅਮਨ ਕਾਨੂੰਨ ਦੀ ਸਥਿਤੀ ਨੂੰ ਤਰਜੀਹੀ ਆਧਾਰ ’ਤੇ ਲੈ ਕੇ ਪੁਖ਼ਤਾ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ। ਇਸ ਕਾਂਡ ਤੋਂ ਇਲਾਵਾ ਭਵਿੱਖ ’ਚ ਵੀ ਸਬੰਧਤ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਤੈਅ ਕਰਨ ਆਦਿ ਤੋਂ ਇਲਾਵਾ ਪਤਵੰਤੇ ਸ਼ਹਿਰੀਆਂ ਦਾ ਮਾਣ-ਸਨਮਾਨ ਕਰਨਾ ਸ਼ਾਮਲ ਹਨ।
ਡੀ ਆਈ ਜੀ ਹਰਜੀਤ ਸਿੰਘ ਨੇ ਨੁਕਤਿਆਂ ਨੂੰ ਧਿਆਨ ਨਾਲ ਸੁਣਨ ਉਪਰੰਤ ਸਾਰੇ ਮਸਲਿਆਂ ਦਾ ਹਫ਼ਤੇ ’ਚ ਹੱਲ ਕਰਨ ਦਾ ਭਰੋਸਾ ਦਿਵਾਇਆ। ਇਸੇ ਦੌਰਾਨ ਇਸ ਸਬੰਧ ਵਿੱਚ ਐੱਸ ਐੱਸ ਪੀ ਮਾਨਸਾ ਅਤੇ ਹਾਜ਼ਰ ਹੋਰ ਅਧਿਕਾਰੀਆਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ।
ਇਸ ਉਪਰੰਤ ਕਮੇਟੀ ਵੱਲੋਂ ਵੱਖਰੀ ਮੀਟਿੰਗ ਦੌਰਾਨ ਆਪਣੇ ਪਹਿਲੇ ਉਲੀਕੇ ਪ੍ਰੋਗਰਾਮ ਹਾਲ ਦੀ ਘੜੀ ਮੁਲਤਵੀ ਕਰ ਦਿੱਤੇ ਗਏ ਹਨ।
