ਸਿੱਖ ਜਥੇਬਦੀਆਂ ਵੱਲੋਂ ਕੋਟਕਪੂਰਾ ’ਚ ਰੋਸ ਮਾਰਚ
ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਿੱਖ ਜਥੇਬੰਦੀਆਂ ਨੇ ਕੋਟਕਪੂਰਾ ਵਿੱਚ ਰੋਸ ਦਿਵਸ ਵਜੋਂ ਮਨਾਉਂਦਿਆਂ ਸ਼ਹਿਰ ਵਿੱਚ ਰੋਸ ਮਾਰਚ ਕੀਤਾ। ਪੰਥਕ ਆਗੂਆਂ ਨੇ ਕਿਹਾ ਕਿ 10 ਸਾਲ ਬੀਤ ਗਏ ਹਨ ਪਰ ਉਨ੍ਹਾਂ ਨੂੰ ਹਾਲੇ ਤੱਕ ਬਰਗਾੜੀ, ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡ ਵਿੱਚ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਹੁਣ ਤੱਕ ਇਨਸਾਫ਼ ਦੇ ਨਾਮ ’ਤੇ ਸਿਰਫ ਸਮੇਂ ਦੀਆਂ ਸਰਕਾਰਾਂ ਵੱਲੋਂ ਲਾਰੇ ਹੀ ਮਿਲੇ ਹਨ। ਅੱਜ ਪ੍ਰਕਾਸ਼ ਪੁਰਬ ਸਬੰਧੀ ਇੱਥੋਂ ਦੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਇਕੱਤਰ ਹੋਈ ਸੰੰਗਤ ਨੇ ਅਰਦਾਸ ਕੀਤੀ ਜਿਸ ਮਗਰੋਂ ਗੁਰਦੁਆਰਾ ਸਾਹਿਬ ਤੋਂ ਲੈ ਕੇ ਕੋਟਕਪੂਰਾ ਦੇ ਉਸ ਚੌਕ ਤੱਕ ਰੋਸ ਮਾਰਚ ਕੀਤਾ ਗਿਆ ਜਿੱਥੇ ਸਾਲ 2015 ਵਿੱਚ ਗੋਲੀ ਕਾਂਡ ਵਾਪਰਿਆ ਸੀ। ਰੋਸ ਮਾਰਚ ਵਿੱਚ ਸ਼ਾਮਲ ਸੰਗਤ ਦੇ ਹੱਥਾਂ ਵਿੱਚ ਬੇਅਦਬੀ ਅਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕਰਦੀਆਂ ਤਖਤੀਆਂ ਸਨ। ਇਸ ਮੌਕੇ ਸੁਖਰਾਜ ਸਿੰਘ ਨਿਆਮੀਵਾਲਾ, ਭਾਈ ਬਲਦੇਵ ਸਿੰਘ ਵਡਾਲਾ ਅਤੇ ਭਾਈ ਸੁਖਜੀਤ ਸਿੰਘ ਖੋਸਾ ਨੇ ਕਿਹਾ ਕਿ ਬਰਗਾੜੀ ਬੇਅਦਬੀ ਮਾਮਲੇ ਦੀ ਘਟਨਾ ਸਮੇਤ ਗੋਲੀ ਕਾਂਡ ਦੇ ਮਾਮਲਿਆਂ ਵਿੱਚ ਅਜੇ ਤੱਕ ਇਨਸਾਫ਼ ਨਾ ਮਿਲਣ ਨੂੰ ਲੈ ਕੇ ਸਮੇਂ ਦੀਆਂ ਸਰਕਾਰਾਂ ਖਿਲਾਫ਼ ਉਨ੍ਹਾਂ ਨੂੰ ਲਗਾਤਾਰ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ, ਪਰ ਕਿਸੇ ’ਤੇ ਕੋਈ ਅਸਰ ਨਹੀਂ ਹੋ ਰਿਹਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਸ ਮਾਮਲੇ ਵਿੱਚ ਕੋਈ ਗੰਭੀਰ ਕਦਮ ਨਹੀਂ ਚੁੱਕਿਆ ਤਾਂ ਸਿੱਖ ਸੰਗਤ ਵੱਲੋਂ ਮੁੜ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ।