ਗੁਦਾਮਾਂ ’ਚ ਸੁਸਰੀ ਕਾਰਨ ਖ਼ਰਾਬ ਹੋ ਰਹੀ ਕਣਕ ਬਚਾਉਣ ਲਈ ਸੰਘਰਸ਼ ਦਾ ਐਲਾਨ
ਪੰਜਾਬ ਕਿਸਾਨ ਯੂਨੀਅਨ ਨੇ ਪੰਜਾਬ ਭਰ ਵਿੱਚ ਸਰਕਾਰੀ ਖ਼ਰੀਦ ਏਜੰਸੀਆਂ ਦੇ ਗੁਦਾਮਾਂ ਵਿੱਚ ਸੁਸਰੀ ਕਾਰਨ ਨਸ਼ਟ ਹੋਈ ਕਣਕ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਅਨਾਜ ਵੰਡਣ ਵਿੱਚ ਅਸਮਰੱਥ ਦਿਖਾਈ ਦਿੰਦੀ ਹੈ। ਇਸ ਲਈ ਸਾਰਿਆਂ ਨੂੰ ਹਕੂਮਤ ਜਗਾਉਣ ਲਈ ਮੈਦਾਨ ਵਿੱਚ ਉਤਰਨ ਦਾ ਸੱਦਾ ਦਿੱਤਾ ਗਿਆ ਹੈ।
ਪੰਜਾਬ ਕਿਸਾਨ ਯੂਨੀਅਨ ਅੱਜ ਇੱਥੇ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਸਰਕਾਰੀ ਏਜੰਸੀਆਂ ਦੇ ਕਣਕ ਦੇ ਗੁਦਾਮਾਂ ਵਿੱਚ ਥਾਂ-ਥਾਂ ’ਤੇ ਸੁਸਰੀ ਲੱਗੀ ਪਈ ਹੈ। ਇਸ ਲਈ ਅਧਿਕਾਰੀਆਂ ਵੱਲੋਂ ਕੋਈ ਉਪਰਾਲੇ ਨਹੀਂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸੁਸਰੀ ਨੇ ਰਿਹਾਇਸ਼ੀ ਇਲਾਕੇ ਦੇ ਵਸਨੀਕਾਂ ਦਾ ਜਿਊਣਾ ਔਖਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿੰਡ ਭੈਣੀਬਾਘਾ ਸਣੇ ਹੋਰ ਗੁਦਾਮਾਂ ਵਿੱਚ ਸੁਸਰੀ ਲੱਗਣਾ ਸਿਰਫ਼ ਅਨਾਜ ਦੀ ਬਰਬਾਦੀ ਹੀ ਨਹੀਂ, ਸਗੋਂ ਇਹ ਲੋਕਾਂ ਦੇ ਹੱਕਾਂ ’ਤੇ ਸਿੱਧਾ ਡਾਕਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਖੇਤਾਂ ਵਿੱਚ ਖੂਨ-ਪਸੀਨਾ ਇੱਕ ਕਰ ਕੇ ਅਨਾਜ ਉਗਾਉਂਦੇ ਹਨ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਨਾਜ ਨੂੰ ਸੁਰੱਖਿਅਤ ਰੱਖੇ। ਉਨ੍ਹਾਂ ਦੋਸ਼ ਲਾਇਆ ਕਿ ਹਕੀਕਤ ਇਹ ਹੈ ਕਿ ਬੇਧਿਆਨੀ ਅਤੇ ਭ੍ਰਿਸ਼ਟਾਚਾਰੀ ਕਾਰਨ ਕਣਕ ਗੁਦਾਮਾਂ ਵਿੱਚ ਸੜ ਰਹੀ ਹੈ ਅਤੇ ਸੁਸਰੀ ਲੱਗ ਕੇ ਇਲਾਕਿਆਂ ਵਿੱਚ ਬਿਮਾਰੀਆਂ ਫੈਲਾ ਰਹੀ ਹੈ। ਉਨ੍ਹਾਂ ਕਿਹਾ ਕਿ ਸੁਸਰੀ ਆਲੇ-ਦੁਆਲੇ ਲੋਕਾਂ ਦੇ ਖਾਣੇ ਮਿਲ ਕੇ ਜਨਤਾ ਲਈ ਖੌਅ ਬਣ ਰਹੀ ਹੈ।
ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਦੇ ਗੁਦਾਮ ਪ੍ਰਬੰਧਨ ਦੀ ਹਾਲਤ ਚਿੰਤਾਜਨਕ ਹੈ, ਇੱਕ ਪਾਸੇ ਲੋਕ ਭੁੱਖ ਤੇ ਗ਼ਰੀਬੀ ਨਾਲ ਜੂਝ ਰਹੇ ਹਨ ਅਤੇ ਦੂਜੇ ਪਾਸੇ ਅਨਾਜ ਖ਼ਰਾਬ ਹੋ ਕੇ ਬੇਕਾਰ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਸਰੀ ਕਾਰਨ ਖ਼ਰਾਬ ਹੋਈ ਕਣਕ ਲਈ ਜ਼ਿੰਮੇਵਾਰ ਅਧਿਕਾਰੀਆਂ ’ਤੇ ਕਾਰਵਾਈ ਕੀਤੀ ਜਾਵੇ ਅਤੇ ਲੋਕਾਂ ਨੂੰ ਚੰਗਾ ਅਨਾਜ ਮਿਲਣਾ ਯਕੀਨੀ ਬਣਾਇਆ ਜਾਵੇਗਾ।
ਇਸ ਮੌਕੇ ਜਗਤਾਰ ਸਿੰਘ ਸਹਾਰਨਾ, ਨਰਿੰਦਰ ਕੌਰ ਬੁਰਜ ਹਮੀਰਾ, ਜਸਪਾਲ ਸਿੰਘ ਉੱਭਾ, ਰਣਜੀਤ ਸਿੰਘ ਤਾਮਕੋਟ, ਮੱਖਣ ਮਾਨ, ਲੱਖਾ ਸਿੰਘ ਭੈਣੀ, ਬਿੱਕਰ ਸਿੰਘ ਮੌਜੀਆ ਵੀ ਮੌਜੂਦ ਸਨ।