ਸਰਕਾਰੀ ਸਮਾਰਟ ਸਕੂਲ ਦੇ ਵਿਦਿਆਰਥੀਆਂ ਵੱਲੋਂ ਧਰਨਾ
ਸਰਕਾਰੀ ਹਾਈ ਸਮਾਰਟ ਸਕੂਲ, ਮੰਡੀ ਹਰਜੀ ਰਾਮ ਦੇ ਗੇਟ ਮੂਹਰੇ ਬੱਚਿਆਂ ਵੱਲੋਂ ਸਕੂਲ ਦੇ ਡੀਪੀ ਮਾਸਟਰ ਮੰਗਲਦੀਪ ਸਿੰਘ ਦੀ ਬਦਲੀ ਖ਼ਿਲਾਫ਼ ਧਰਨਾ ਦਿੱਤਾ ਗਿਆ। ਬੱਚਿਆਂ ਨੇ ਕਿਹਾ ਕਿ ਅਧਿਆਪਕ ਦੀ ਬਦਲੀ ਨੂੰ ਤੁਰੰਤ ਰੱਦ ਕੀਤੀ ਜਾਵੇ। ਕਰੀਬ ਇੱਕ ਘੰਟਾ ਚੱਲੇ ਇਸ ਧਰਨੇ ’ਚ ਬੱਚਿਆਂ ਦੇ ਮਾਪੇ ਅਤੇ ਸ਼ਹਿਰ ਦੇ ਹੋਰ ਮੋਹਤਬਾਰ ਵੀ ਸ਼ਾਮਲ ਹੋਏ। ਉਨ੍ਹਾਂ ਸਕੂਲ ਪ੍ਰਿੰਸੀਪਲ ਹਰਮੀਤ ਸਿੰਘ ਬਰਾੜ ਨਾਲ ਗੱਲ ਕੀਤੀ। ਪ੍ਰਿੰਸੀਪਲ ਨੇ ਕਿਹਾ ਕਿ ਡੀਪੀਈ ਮੰਗਲਦੀਪ ਸਿੰਘ ਨੇ ਬੱਚਿਆਂ ਨੂੰ ਗੁਮਰਾਹ ਕਰਕੇ ਸਕੂਲ ਮੂਹਰੇ ਧਰਨਾ ਲਗਵਾਇਆ ਹੈ, ਜੋ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਡੀਪੀ ਦਾ ਸਾਥੀਆਂ ਨਾਲ ਵਿਹਾਰ ਚੰਗਾ ਨਹੀਂ ਹੈ।
ਉਧਰ ਡੀਪੀ ਮੰਗਲਦੀਪ ਸਿੰਘ ਵੀ ਧਰਨੇ ’ਚ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਹਰਮੀਤ ਸਿੰਘ ਤੇ ਹੋਰਨਾਂ ਅਧਿਆਪਕਾਂ ਵੱਲੋਂ ਲਗਾਤਾਰ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਖ਼ਿਲਾਫ਼ ਫਰਜ਼ੀ ਸਬੂਤ ਬਣਾ ਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਭੇਜੇ ਜਾ ਰਹੇ ਹਨ ਤੇ ਉਸ ਦੀ ਬਦਲੀ ਵੀ ਇਸੇ ਸਾਜ਼ਿਸ਼ ਦਾ ਨਤੀਜਾ ਹੀ ਹੈ। ਉਧਰ ਸ਼ਹਿਰ ਵਾਸੀਆਂ ਨੇ ਕਿਹਾ ਕਿ ਬੱਚਿਆਂ ਨੂੰ ਗੁਮਰਾਹ ਕਰਨਾ ਅਤੇ ਧਰਨਿਆਂ ਲਈ ਉਕਸਾਉਣਾ ਕਿਸੇ ਵੀ ਪੱਖ ਤੋਂ ਵਾਜਬ ਨਹੀਂ ਹੈ।
ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ: ਅਧਿਕਾਰੀ
ਜ਼ਿਲ੍ਹਾ ਸਿੱਖਿਆ ਅਧਿਕਾਰੀ ਜਸਪਾਲ ਸਿੰਘ ਮੌਂਗਾ ਨੇ ਕਿਹਾ ਕਿ ਉਨ੍ਹਾਂ ਕਾਰਵਾਈ ਸਬੂਤਾਂ ਦੇ ਆਧਾਰ ’ਤੇ ਕੀਤੀ ਹੈ ਅਤੇ ਅੱਗੇ ਵੀ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਗਲਤ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਬਖ਼ਸ਼ਿਆ ਨਹੀਂ ਜਾਵੇਗਾ।