ਜੀਵਨ ਨਗਰ ’ਚ ਨਵੀਂ ਕਾਲੋਨੀ ਵਾਸੀਆਂ ਵੱਲੋਂ ਮੁਜ਼ਾਹਰਾ
ਜੀਵਨ ਨਗਰ ਪਿੰਡ ਦੀ ਨਵੀਂ ਕਾਲੋਨੀ ਦੇ ਵਸਨੀਕਾਂ ਨੇ ਅੱਜ ਗਲੀਆਂ ਪੱਕੀਆਂ ਨਾ ਕਰਨ ਕਾਰਨ ਗਰਾਮ ਪੰਚਾਇਤ ਅਤੇ ਪੰਚਾਇਤੀ ਰਾਜ ਵਿਭਾਗ ਵਿਰੁੱਧ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਕਿਹਾ ਕਿ ਜੇਕਰ ਸਬੰਧਤ ਵਿਭਾਗ ਜਾਂ ਗਰਾਮ ਪੰਚਾਇਤ ਨੇ ਉਨ੍ਹਾਂ ਦੀ ਸਮੱਸਿਆ ਦਾ ਜਲਦੀ ਹੱਲ ਨਹੀਂ ਕੀਤਾ ਤਾਂ ਉਹ ਵੱਡਾ ਅੰਦੋਲਨ ਕਰਨ ਲਈ ਮਜਬੂਰ ਹੋਣਗੇ। ਹਰਮੀਤ ਸਿੰਘ, ਨਛੱਤਰ ਸਿੰਘ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ,ਬਨਵਾਰੀ ਨੰਬਰਦਾਰ, ਮਨੋਜ ਕੁਮਾਰ ਆਦਿ ਨੇ ਦੱਸਿਆ ਕਿ ਕਾਲੋਨੀ ’ਚ ਲਗਪਗ 80 ਘਰ ਹਨ। ਕਾਲੋਨੀ ਨੂੰ ਪਿੰਡ ਨਾਲ ਜੋੜਨ ਵਾਲੀਆਂ ਦੋ ਗਲੀਆਂ 15 ਸਾਲਾਂ ਤੋਂ ਕੱਚੀਆਂ ਪਈਆਂ ਹਨ। ਗਲੀਆਂ ਵਿੱਚ ਜਲ ਸਪਲਾਈ ਪਾਈਪਲਾਈਨਾਂ ਅਤੇ ਸੀਵਰੇਜ ਲਾਈਨਾਂ ਵੀ ਨਹੀ ਹਨ। ਬਰਸਾਤਾਂ ’ਚ ਚਿੱਕੜ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਿੰਡ ਜੀਵਨ ਨਗਰ ਦੇ ਸਰਪੰਚ ਪ੍ਰਤੀਨਿਧੀ ਬਲਜੀਤ ਸਿੰਘ ਨੇ ਕਿਹਾ ਕਿ ਇਹ ਜ਼ਮੀਨ ਪਹਿਲਾ ਡੇਰਾ ਮਸਤਾਨਗੜ੍ਹ ਅਤੇ ਨਾਮਧਾਰੀ ਡੇਰੇ ਦੀ ਸੀ। ਲਗਪਗ 15 ਤੋਂ 20 ਸਾਲ ਪਹਿਲਾ ਦੋਵਾਂ ਡੇਰਿਆਂ ਨੇ ਜ਼ਮੀਨ ਨੂੰ ਰਿਹਾਇਸ਼ੀ ਪਲਾਟਾਂ ’ਚ ਵੰਡ ਦਿੱਤਾ ਸੀ। ਲੋਕਾਂ ਨੇ ਪਲਾਟਾਂ ਦੀ ਰਜਿਸਟਰੀ ਤਾਂ ਆਪਣੇ ਨਾਮ ਕਰਵਾ ਲਈ ਪਰ ਗਲੀਆਂ ਡੇਰਿਆਂ ਦੇ ਨਾਮ ’ਤੇ ਹੀ ਹਨ। ਪੰਚਾਇਤ ਜਲਦੀ ਹੀ ਲੋਕਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਬੀਡੀਪੀਓ ਅਤੇ ਡੇਰਾ ਪ੍ਰਬੰਧਨ ਕਮੇਟੀ ਨਾਲ ਸੰਪਰਕ ਕਰੇਗੀ।
