ਮਰੀ ਮੱਝ ਬੈਂਕ ਅੱਗੇ ਰੱਖ ਕੇ ਧਰਨਾ
ਪਿੰਡ ਭੈਣੀਬਾਘਾ ’ਚ ਕਰਜ਼ਾ ਲੈ ਕੇ ਖਰੀਦੀ ਮੱਝ ਦੇ ਮਰਨ ’ਤੇ ਬੀਮਾ ਲੈਣ ਲਈ ਕਿਸਾਨਾਂ ਤੇ ਇੱਕ ਨਿੱਜੀ ਬੈਂਕ ਅਧਿਕਾਰੀਆਂ ਵਿਚਕਾਰ ਰੇੜਕਾ ਪੈ ਗਿਆ। ਮਾਮਲਾ ਵਧਣ ’ਤੇ ਕਿਸਾਨਾਂ ਨੇ ਮਰੀ ਮੱਝ ਟਰਾਲੀ ’ਤੇ ਲੱਦ ਕੇ ਬੈਂਕ ਮੂਹਰੇ ਲਿਆਉਣ ਮਗਰੋਂ ਧਰਨਾ ਲਾ ਦਿੱਤਾ ਤੇ ਅਧਿਕਾਰੀਆਂ ਜਾਂ ਮੁਲਾਜ਼ਮਾਂ ਨੂੰ ਬੈਂਕ ’ਚੋਂ ਬਾਹਰ ਨਹੀਂ ਨਿਕਲਣ ਦਿੱਤਾ।
ਪਿੰਡ ਭੈਣੀਬਾਘਾ ਦੇ ਕਿਸਾਨ ਗਗਨਦੀਪ ਸ਼ਰਮਾ ਨੇ ਸਾਲ 2023 ’ਚ ਮਾਨਸਾ ਦੇ ਵਾਟਰ ਵਰਕਸ ਰੋਡ ਸਥਿਤ ਇੱਕ ਨਿੱਜੀ ਬੈਂਕ ਤੋਂ ਮੱਝਾਂ ’ਤੇ 3 ਲੱਖ 60 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ। ਇੱਕ ਮੱਝ ਦੀ ਸੂਣ ਉਪਰੰਤ ਮੌਤ ਹੋ ਗਈ। ਉਸ ਵੱਲੋਂ ਬੀਮਾ ਲੈਣ ਲਈ ਬੈਂਕ ਅਧਿਕਾਰੀਆਂ ਨੂੰ ਪੜਤਾਲ ਕਹਿਣ ਦੇ ਬਾਵਜੂਦ ਉਨ੍ਹਾਂ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਦੀ ਟਾਲ-ਮਟੋਲ ਕਾਰਨ ਉਨ੍ਹਾਂ ਨੇ ਮਰੀ ਮੱਝ ਬੈਂਕ ਮੂਹਰੇ ਲਿਆ ਧਰਨਾ ਲਾ ਦਿੱਤਾ। ਇਸ ਦੌਰਾਨ ਅਮਨਜੋਤ ਕਟੌਦੀਆ ਬੈਂਕ ’ਚ ਆਪਣੀ ਪਤਨੀ ਨੂੰ ਲੈਣ ਆਇਆ ਤਾਂ ਉਸ ਦੀ ਕਿਸਾਨਾਂ ਝੜਪ ਹੋ ਗਈ। ਜ਼ਖ਼ਮੀ ਹੋਣ ’ਤੇ ਉਸ ਨੂੰ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ।
ਭਾਜਪਾ ਆਗੂ ਅਮਰਜੀਤ ਕਟੌਦੀਆ ਨੇ ਦੱਸਿਆ ਕਿ ਧਰਨਾਕਾਰੀਆਂ ਨੇ ਬਿਨਾਂ ਵਜ੍ਹਾ ਉਨ੍ਹਾਂ ਦੇ ਲੜਕੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਕਿਸਾਨ ਆਗੂ ਜਗਦੇਵ ਸਿੰਘ ਭੈਣੀਬਾਘਾ ਤੇ ਅਮਰਜੀਤ ਕਟੌਦੀਆ ਨੇ ਦੱਸਿਆ ਕਿ ਮਾਮਲਾ ਨਿਬੇੜਨ ਲਈ ਸੋਮਵਾਰ ਨੂੰ ਮੀਟਿੰਗ ਹੋਵੇਗੀ ਜਿਸ ਵਿੱਚ ਬੈਂਕ ਅਧਿਕਾਰੀ ਵੀ ਸ਼ਾਮਲ ਹੋਣਗੇ। ਬਾਅਦ ’ਚ ਧਰਨਾ ਚੁੱਕ ਲਿਆ ਗਿਆ। ਥਾਣਾ ਸਿਟੀ-1 ਦੇ ਮੁਖੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮਸਲੇ ਦੇ ਹੱਲ ਲਈ ਸੋਮਵਾਰ ਨੂੰ ਗੱਲਬਾਤ ਹੋਵੇਗੀ।
