ਰਾਣੀਆਂ ’ਚ ਚੋਰੀਆਂ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਪ੍ਰਦਰਸ਼ਨ
ਰਾਣੀਆਂ ਇਲਾਕੇ ਵਿੱਚ ਵੱਧ ਰਹੀਆਂ ਚੋਰੀਆਂ ਖ਼ਿਲਾਫ਼ ਸ਼ਹਿਰ ਦੇ ਲੋਕਾਂ ਨੇ ਅੱਜ ਟਾਊਨ ਪਾਰਕ ਵਿੱਚ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਨੇ ਕਿਹਾ ਕਿ ਸ਼ਹਿਰ ਵਿੱਚ ਚੋਰੀਆਂ ਲਗਾਤਾਰ ਹੋ ਰਹੀਆਂ ਹਨ ਪਰ ਪੁਲੀਸ ਚੋਰਾਂ ਨੂੰ ਫੜਨ ਵਿੱਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਲੋਕ ਆਪਣੇ ਪੱਧਰ 'ਤੇ ਜਾਂਚ ਕਰਦੇ ਹਨ ਅਤੇ ਚੋਰਾਂ ਨੂੰ ਫੜਦੇ ਹਨ ਤਾਂ ਪੁਲੀਸ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਛੱਡ ਦਿੰਦੀ ਹੈ। ਪੀੜਤ ਇੰਦਰਜੀਤ ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਐਸਡੀ ਟਾਈਲ ਫੈਕਟਰੀ ਵਿੱਚ ਚੋਰੀ ਹੋਈ ਸੀ। ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਗਈ। ਡੀਐਨ ਇਨਵਰਟਰ ਦੇ ਸੰਚਾਲਕ ਅਨਿਲ ਮਹਿਤਾ ਨੇ ਕਿਹਾ ਕਿ 17 ਦਿਨ ਪਹਿਲਾਂ ਉਨ੍ਹਾਂ ਦੀ ਦੁਕਾਨ ਵਿੱਚੋਂ ਲੈਪਟਾਪ ਅਤੇ ਨਗਦੀ ਚੋਰੀ ਹੋ ਗਈ ਸੀ ਪਰ ਪੁਲਪਸ ਚੋਰਾਂ ਨੂੰ ਨਹੀਂ ਫੜ ਸਕੀ ਅਤੇ ਦੋ ਦਿਨ ਪਹਿਲਾਂ ਉਨ੍ਹਾਂ ਨੇ ਖੁਦ ਚੋਰ ਨੂੰ ਫੜ ਕੇ ਪੁਲੀਸ ਦੇ ਹਵਾਲੇ ਕੀਤਾ ਹੈ। ਬੱਬੂ ਸਾਮਾ ਨੇ ਕਿਹਾ ਕਿ ਉਨ੍ਹਾਂ ਦੀ ਅਨਾਜ ਮੰਡੀ ਦੀ ਦੁਕਾਨ ਤੋਂ ਝੋਨੇ ਦੀਆਂ ਬੋਰੀਆਂ ਚੋਰੀ ਹੋਈਆਂ ਸਨ ਪਰ ਪੁਲੀਸ ਨੇ ਇਸ ਮਾਮਲੇ ਵਿੱਚ ਕੁਝ ਨਹੀਂ ਕੀਤਾ। ਮਹਾਲਕਸ਼ਮੀ ਐਂਟਰਪ੍ਰਾਈਜ਼ ਦੇ ਡਾਇਰੈਕਟਰ ਪ੍ਰਵੀਨ ਨੇ ਕਿਹਾ ਕਿ 11 ਅਗਸਤ ਨੂੰ ਚੋਰਾਂ ਨੇ ਦੁਕਾਨ ਤੋਂ ਕਰਿਆਨੇ ਦਾ ਸਾਮਾਨ ਅਤੇ ਨਗਦੀ ਚੋਰੀ ਕੀਤੀ ਸੀ ਪਰ ਪੁਲੀਸ ਚੋਰਾਂ ਨੂੰ ਫੜਨ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ। ਇਸ ਦੌਰਾਨ ਅੱਧੀ ਦਰਜਨ ਤੋਂ ਵੱਧ ਪੀੜਤ ਪਰਿਵਾਰਾਂ ਨੇ ਰਾਣੀਆ ਥਾਣੇ ਦੀ ਕਾਰਜਸ਼ੈਲੀ ’ਤੇ ਸਵਾਲ ਉਠਾਏ ਅਤੇ ਜ਼ਿਲ੍ਹਾ ਪੁਲੀਸ ਕਪਤਾਨ ਤੋਂ ਇਨ੍ਹਾਂ ਮਾਮਲਿਆਂ ਦਾ ਨੋਟਿਸ ਲੈਣ ਦੀ ਮੰਗ ਕੀਤੀ।
ਇਸ ਮਾਮਲੇ ਵਿੱਚ ਰਾਣੀਆ ਥਾਣੇ ਦੇ ਇੰਚਾਰਜ ਦਿਨੇਸ਼ ਕੁਮਾਰ ਨੇ ਕਿਹਾ ਕਿ ਪੁਲੀਸ ਆਪਣਾ ਕੰਮ ਇਮਾਨਦਾਰੀ ਨਾਲ ਕਰ ਰਹੀ ਹੈ। ਕਿਸੇ ਵੀ ਅਪਰਾਧ ਨੂੰ ਹੱਲ ਕਰਨ ਵਿੱਚ ਸਮਾਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ਨਸ਼ੇੜੀ ਚੋਰੀਆਂ ਕਰ ਰਹੇ ਹਨ। ਪੁਲੀਸ ਨੇ ਤਿੰਨ ਤੋਂ ਚਾਰ ਚੋਰੀਆਂ ਦੇ ਮਾਮਲੇ ਹੱਲ ਕੀਤੇ ਹਨ ਤੇ ਬਾਕੀ ਮਾਮਲਿਆਂ ਨੂੰ ਸੁਲਝਾਉਣ ਲਈ ਯਤਨ ਜਾਰੀ ਹਨ। ਉਨ੍ਹਾਂ ਕਿਹਾ ਕਿ ਜੋ ਵੀ ਪੁਲੀਸ ਦੇ ਕੰਮਕਾਰ ਤੋਂ ਅਸੰਤੁਸ਼ਟ ਹੈ। ਉਹ ਉਨ੍ਹਾਂ ਨੂੰ ਆ ਕੇ ਮਿਲ ਸਕਦੇ ਹਨ।