ਸਬਜ਼ੀਆਂ ਦੇ ਅਸਮਾਨੀ ਚੜ੍ਹੇ ਭਾਅ ਖ਼ਿਲਾਫ਼ ਪ੍ਰਦਰਸ਼ਨ
ਸ਼ਹਿਰ ਵਿੱਚ ਸਬਜ਼ੀਆਂ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਅਤੇ ਮਹਿੰਗਾਈ ਕਾਰਨ ਆਮ ਘਰਾਂ ਦੇ ਬਜਟ ’ਤੇ ਪੈ ਰਹੇ ਬੋਝ ਨੂੰ ਉਜਾਗਰ ਕਰਨ ਲਈ ਸਾਬਕਾ ਕੌਂਸਲਰ ਵਿਜੈ ਕੁਮਾਰ ਵੱਲੋਂ ਅੱਜ ਵਿਲੱਖਣ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ। ਉਹ ਸਬਜ਼ੀਆਂ ਨਾਲ ਭਰੀ ਰੇਹੜੀ ਲੈ ਕੇ ਸ਼ਹਿਰ ਦੇ ਮੁੱਖ ਪਰਸ ਰਾਮ ਚੌਕ ਵਿੱਚ ਪਹੁੰਚੇ ਤੇ ਸਬਜ਼ੀਆਂ ਵੇਚਣ ਦੀ ‘ਡਰਾਮੇਬਾਜ਼ੀ’ ਕਰਕੇ ਲੋਕਾਂ ਦਾ ਧਿਆਨ ਖਿੱਚਦਿਆਂ ਵੱਖ-ਵੱਖ ਸਬਜ਼ੀਆਂ ਦੀਆਂ ਮੌਜੂਦਾ ਕੀਮਤਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਸਬਜ਼ੀਆਂ ਨੂੰ ਪਲੇਟਾਂ ਵਿੱਚ ਸਜਾ ਕੇ ਸੋਨੇ ਦੀ ਭਾਅ ਦੇ ਬਰਾਬਰ ਸਬਜ਼ੀਆਂ ਦੇ ਰੇਟਾਂ ’ਤੇ ਸਵਾਲ ਚੁੱਕਿਆ। ਉਨ੍ਹਾਂ ਕਿਹਾ ਕਿ ਪਿਆਜ਼, ਟਮਾਟਰ, ਧਨੀਆਂ, ਅਦਰਕ, ਲਸਣ, ਆਲੂ, ਫੁੱਲਗੋਭੀ ਸਮੇਤ ਹੋਰ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਵਾਧਾ ਹੋ ਰਿਹਾ ਹੈ, ਜਿਸ ਨਾਲ ਮਜ਼ਦੂਰ ਵਰਗ, ਘਰੇਲੂ ਮਹਿਲਾਵਾਂ ਤੇ ਰੋਜ਼ਾਨਾ ਦੇ ਖਰੀਦਦਾਰ ਬਹੁਤ ਪ੍ਰਭਾਵਿਤ ਹੋ ਰਹੇ ਹਨ। ਮੌਕੇ ’ਤੇ ਮੌਜੂਦ ਔਰਤਾਂ ਦਾ ਕਹਿਣਾ ਸਬਜ਼ੀਆਂ ਜਿਹੜੀਆਂ ਆਮ ਮਨੁੱਖ ਦੀ ਜ਼ਰੂਰਤ ਹੁੰਦੀਆਂ ਹਨ, ਉਹ ਹੁਣ ਰੋਜ਼ਾਨਾ ਦੀ ਥਾਲੀ ਤੋਂ ਦੂਰ ਹੋ ਰਹੀਆਂ ਹਨ। ਵਿਜੈ ਕੁਮਾਰ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਗ ਕੀਤੀ ਕਿ ਸਬਜ਼ੀਆਂ ਦੀ ਸਪਲਾਈ ਚੇਨ ਦੀ ਮੌਨੀਟਰਿੰਗ ਕਰਕੇ ਕੀਮਤਾਂ ਨਾਲ ਖੇਡਣ ਵਾਲਿਆਂ ’ਤੇ ਕਾਰਵਾਈ ਕੀਤੀ ਜਾਵੇ। ਸਥਾਨਕ ਨਗਰ ਵਾਸੀਆਂ ਨੇ ਵੀ ਉਨ੍ਹਾਂ ਦੇ ਕਦਮ ਦਾ ਸਮਰਥਨ ਕੀਤਾ ਤੇ ਕਿਹਾ ਕਿ ਹਰ ਰੋਜ਼ ਵਧ ਰਹੀਆਂ ਕੀਮਤਾਂ ਕਾਰਨ ਘਰ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਲੋਕਾਂ ਨੇ ਸਰਕਾਰ ਤੋਂ ਅਪੀਲ ਕੀਤੀ ਕਿ ਤੁਰੰਤ ਰਾਹਤ ਪ੍ਰਦਾਨ ਕਰਕੇ ਸਬਜ਼ੀਆਂ ਦੀਆਂ ਕੀਮਤਾਂ ਕੰਟਰੋਲ ’ਚ ਲਿਆਂਦੀਆਂ ਜਾਣ।
ਵਧੀਆਂ ਕੀਮਤਾਂ ਲਈ ਸਰਕਾਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਕਰਾਰ
ਸਾਬਕਾ ਐਮ.ਸੀ. ਵਿਜੈ ਕੁਮਾਰ ਨੇ ਕਿਹਾ, ‘‘ਲੋਕ ਮੈਨੂੰ ‘ਡਰਾਮੇਬਾਜ਼’ ਦੇ ਤਖੱਲਸ ਨਾਲ ਸੰਬੋਧਨ ਕਰਦੇ ਹਨ, ਜੋ ਸੱਚ ਹੈ ਅਤੇ ਮੈਂ ਇਸ ਨੂੰ ਕਬੂਲ ਕਰਦਾ ਹਾਂ।’’ ਉਨ੍ਹਾਂ ਕਿਹਾ ਕਿ ਸਬਜ਼ੀਆਂ ਦੀਆਂ ਵਧੀਆਂ ਕੀਮਤਾਂ ਲਈ ਸਰਕਾਰ ਅਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਜ਼ਿੰਮੇਵਾਰ ਹੈ। ਸਬਜ਼ੀਆਂ ਦੇ ਕਾਸ਼ਤਕਾਰਾਂ ਨੂੰ ਓਨਾ ਮੁੱਲ ਨਹੀਂ ਮਿਲਦਾ, ਜਿੰਨਾ ਰਸਤੇ ਦੇ ਦਲਾਲ ਅਤੇ ਵਿਕਰੇਤਾ ਖੱਟਦੇ ਹਨ। ਮਹਿੰਗੀਆਂ ਸਬਜ਼ੀਆਂ ਗਰੀਬ ਆਦਮੀ ਦੀ ਪਹੁੰਚ ਤੋਂ ਤਾਂ ਦੂਰ ਹਨ ਤੇ ਸ਼ੁੱਧਤਾ ਦੀ ਵੀ ਕੋਈ ਗਾਰੰਟੀ ਨਹੀਂ।
