ਕੌਮੀ ਮਾਰਗ ਦੇ ਅਧੂਰੇ ਨਿਰਮਾਣ ਕਾਰਜ ਖ਼ਿਲਾਫ਼ ਧਰਨਾ
ਫਿਰੋਜ਼ਪੁਰ-ਮੱਲਾਂਵਾਲਾ ਕੌਮੀ ਮਾਰਗ ਦਾ ਅਧੂਰਾ ਨਿਰਮਾਣ ਕਾਰਜ ਲੋਕਾਂ ਲਈ ਮੁਸੀਬਤ ਬਣਿਆ ਹੋਇਆ ਹੈ। ਪਿਛਲੇ ਲੰਮੇ ਸਮੇਂ ਤੋਂ ਸੜਕ ਦਾ ਕੰਮ ਮੁਕੰਮਲ ਨਾ ਹੋਣ ਕਾਰਨ ਅੱਜ ਪਿੰਡਾਂ ਦੇ ਲੋਕਾਂ ਨੇ ਰੋਪੜ ਨਹਿਰ ਦੇ ਪੁਲ ’ਤੇ ਆਵਾਜਾਈ ਠੱਪ ਕਰ ਦਿੱਤੀ। ਧਰਨਾਕਾਰੀਆਂ ਨੇ ਸਬੰਧਤ ਵਿਭਾਗ ਅਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਧਰਨੇ ਵਿਚ ਸਕੂਲੀ ਬੱਚੇ ਵੀ ਸ਼ਾਮਲ ਹੋਏ। ਸਕੂਲੀ ਬੱਚਿਆਂ ਨੇ ਕਿਹਾ ਕਿ ਰੋਡ ਖਰਾਬ ਹੋਣ ਕਾਰਨ ਉਹ ਰੋਜ਼ਾਨਾ ਸਕੂਲ ਤੋਂ ਲੇਟ ਹੋ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਵਰਦੀਆਂ ਵੀ ਖਰਾਬ ਹੋ ਜਾਂਦੀਆਂ ਹਨ। ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਇਸ ਮਾਰਗ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਵੱਲੋਂ ਸੜਕ ਦੇ ਕੁਝ ਹਿੱਸੇ ਨੂੰ ਬਣਾ ਦਿੱਤਾ ਗਿਆ ਹੈ ਤੇ ਕੁਝ ਨੂੰ ਅਧੂਰਾ ਛੱਡ ਦਿੱਤਾ ਹੈ। ਲੋਕਾਂ ਰੋਸ ਜ਼ਾਹਿਰ ਕੀਤਾ ਕਿ ਖ਼ਰਾਬ ਸੜਕ ’ਤੇ ਇੰਨਾ ਜ਼ਿਆਦਾ ਮਿੱਟੀ ਘੱਟਾ ਹੈ ਕਿ ਦਿਨ ਦੇ ਸਮੇਂ ਵੀ ਲਾਈਟਾਂ ਬਾਲ ਕੇ ਲੰਘਣਾ ਪੈਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ਉੱਤੇ ਨਿੱਤ ਦਿਨ ਹਾਦਸੇ ਵੀ ਵਾਪਰ ਰਹੇ ਹਨ ਪਰ ਪ੍ਰਸ਼ਾਸਨ ਅਤੇ ਠੇਕੇਦਾਰ ਵੱਲੋਂ ਇਸ ਪਾਸੇ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕਾਂ ਨੇ ਮੰਗ ਕੀਤੀ ਕਿ ਸੜਕ ਦਾ ਨਿਰਮਾਣ ਜਲਦ ਮੁਕੰਮਲ ਕੀਤਾ ਜਾਵੇ। ਆਵਾਜਾਈ ਠੱਪ ਹੋਣ ਤੋਂ ਬਾਅਦ ਸਬੰਧਤ ਮਹਿਕਮੇ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਮਹਿਕਮੇ ਦੇ ਅਧਿਕਾਰੀਆਂ ਅਤੇ ਠੇਕੇਦਾਰ ਨੇ ਮੌਕੇ ’ਤੇ ਪਹੁੰਚ ਕੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਅਤੇ 26 ਦਸੰਬਰ ਤੱਕ ਕੰਮ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਲੋਕਾਂ ਨੇ ਧਰਨਾ ਖਤਮ ਕੀਤਾ।
