ਨਸ਼ਾ ਤਸਕਰਾਂ ਦੀ ਕਰੋੜ ਦੀ ਜਾਇਦਾਦ ਜ਼ਬਤ
ਥਾਣਾ ਫ਼ਤਹਿਗੜ੍ਹ ਪੰਜਤੂਰ ਦੇ ਮੁੱਖ ਅਫਸਰ ਸੁਨੀਤਾ ਬਾਵਾ ਨੇ ਡੀ ਐੱਸ ਪੀ ਰਾਜੇਸ਼ ਠਾਕੁਰ ਦੀ ਅਗਵਾਈ ਹੇਠ ਪਿੰਡ ਸ਼ੇਰਪੁਰ ਤਾਇਬਾ ਦੇ ਨਸ਼ਾ ਤਸਕਰਾਂ ਦੀ 1,03,20,000 ਰੁਪਏ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ। ਨਸ਼ਾ ਤਸਕਰਾਂ ਗੁਰਮੀਤ ਸਿੰਘ ਅਤੇ ਗੁਰਬਖਸ਼ ਸਿੰਘ ਉਪਰ ਸਾਲ 2024 ਵਿੱਚ ਕੇਸ ਨੰਬਰ 73 ਐੱਨ ਡੀ ਪੀ ਐੱਸ ਦਰਜ ਕੀਤਾ ਗਿਆ ਸੀ। ਉਸ ਵੇਲੇ ਤੋਂ ਲੈ ਕੇ ਮੁਲਜ਼ਮਾਂ ਦੀ ਨਸ਼ਾ ਤਸਕਰੀ ਨਾਲ ਬਣਾਈ ਜ਼ਾਇਦਾਦ ਨੂੰ ਜ਼ਬਤ ਕਰਨ ਦੀ ਕਾਰਵਾਈ ਚੱਲ ਰਹੀ ਸੀ। ਭਾਰਤ ਸਰਕਾਰ ਦੇ ਹੁਕਮ ਪ੍ਰਾਪਤ ਹੋਣ ਤੋਂ ਬਾਅਦ ਅੱਜ ਇਸ ਨੂੰ ਅਮਲੀ ਰੂਪ ਦਿੱਤਾ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਡੀ ਐੱਸ ਪੀ ਰਾਜੇਸ਼ ਠਾਕੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲੀਸ ਨਸ਼ਿਆਂ ਦੀ ਰੋਕਥਾਮ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਧਰਮਕੋਟ ਅੰਦਰ ਨਸ਼ਾ ਤਸ਼ਕਰੀ ਦੇ ਧੰਦੇ ਵਿੱਚ ਲੱਗੇ ਲੋਕਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਉਹ ਨਸ਼ਾ ਤਸਕਰੀ ਦਾ ਤਿਆਗ ਕਰ ਦੇਣ ਨਹੀਂ ਤਾਂ ਗ਼ਲਤ ਢੰਗ ਨਾਲ ਬਣਾਈ ਉਨ੍ਹਾਂ ਦੀ ਸਾਰੀ ਜਾਇਦਾਦ ਨੂੰ ਜ਼ਬਤ ਕਰ ਲਿਆ ਜਾਵੇਗਾ।
