ਕੋਟਕਪੂਰਾ ’ਚ ਨਿਕਾਸੀ ਸਮੱਸਿਆ ਦੇ ਹੱਲ ਲਈ ਪ੍ਰਾਜੈਕਟ ਸ਼ੁਰੂ: ਸੰਧਵਾਂ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 4 ਜੁਲਾਈ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਹਲਕੇ ਵਿੱਚ ਰਹੇ ਵਿਕਾਸ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਕੰਮਾਂ ਨੂੰ ਮਿੱਥੇ-ਸਮੇਂ ’ਚ ਮੁਕੰਮਲ ਕੀਤਾ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਕੰਮ ’ਚ ਬੇਨਿਯਮੀਆਂ ਦਾ ਧਿਆਨ ਰੱਖਣ ਦੀ ਵੀ ਹਦਾਇਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ, ਬੀਡੀਪੀਓ ਨੱਥਾ ਸਿੰਘ (ਫਰੀਦਕੋਟ), ਬੀਡੀਪੀਓ ਵਿਕਾਸ ਸ਼ਰਮਾ (ਕੋਟਕਪੂਰਾ) ਅਤੇ ਨਾਇਬ ਤਹਿਸੀਲਦਾਰ ਮੱਖਣ ਸਿੰਘ ਸਮੇਤ ਈਓ ਨਗਰ ਕੌਂਸਲ ਅਮਰਿੰਦਰ ਸਿੰਘ, ਗੈਰੀ ਵੜਿੰਗ ਅਤੇ ਸਿਮਰਨਜੀਤ ਸਿੰਘ ਨਗਰ ਕੌਂਸਲਰ ਮੌਜੂਦ ਸਨ।
ਸ੍ਰੀ ਸੰਧਵਾਂ ਨੇ ਦੱਸਿਆ ਕਿ ਕੋਟਕਪੂਰਾ ਸ਼ਹਿਰ ਵਿੱਚ ਪੀਣ ਵਾਲੀ ਪਾਣੀ ਅਤੇ ਨਿਕਾਸੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਦੋ ਪ੍ਰਾਜੈਕਟ ਲਗਪਗ 30 ਕਰੋੜ ਰੁਪਏ ਨਾਲ ਸ਼ੁਰੂ ਕੀਤੇ ਗਏ ਹਨ। ਇਸ ਤੋਂ ਇਲਾਵਾ ਬਰਸਾਤਾਂ ਦੇ ਮੱਦੇਨਜ਼ਰ ਹਲਕੇ ਦੀਆਂ ਡਰੇਨਾਂ ਅਤੇ ਨਿਕਾਸੀ ਨਾਲਿਆਂ ਦੀ ਸਫਾਈ ਵੀ ਕਰਵਾਈ ਜਾ ਰਹੀ ਹੈ। ਉਨ੍ਹਾਂ ਸਾਰੇ ਕੰਮਾਂ ਦੀ ਰਿਪੋਰਟ ਅਧਿਕਾਰੀਆਂ ਤੋਂ ਲਈ ਅਤੇ ਕੰਮ ਵਿੱਚ ਹੋਰ ਤੇਜ਼ੀ ਲਿਆਉਣ ਲਈ ਹਦਾਇਤਾਂ ਕੀਤੀਆਂ।
ਡੀਸੀ ਪੂਨਮਦੀਪ ਕੌਰ ਨੇ ਦੱਸਿਆ ਕਿ ਪਹਿਲਾਂ ਤੋਂ ਤਿਆਰ ਪ੍ਰਾਜੈਕਟਾਂ ’ਤੇ ਲਗਾਤਾਰ ਵੱਡੀ ਪੱਧਰ ’ਤੇ ਕੰਮ ਹੋ ਰਿਹਾ ਹੈ ਅਤੇ ਸਬੰਧਤ ਅਧਿਕਾਰੀ ਸਮੇਂ-ਸਮੇਂ ਜਾ ਮੌਕਾ ਵੀ ਦੇਖ ਰਹੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਸਾਰੇ ਪ੍ਰਾਜੈਕਟ ਸਮਾਂਬੱਧ ਕੀਤੇ ਹੋਏ ਹਨ ਅਤੇ ਇਨ੍ਹਾਂ ਨੂੰ ਮਿਥੇ ਸਮੇਂ ਅੰਦਰ ਹੀ ਨੇਪਰੇ ਚਾੜ੍ਹ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਰੇ ਜ਼ਿਲ੍ਹੇ ਵਿੱਚ ਡਰੇਨਾਂ ਦੀ ਸਫਾਈ ਦਾ ਕੰਮ ਲਗਪਗ ਨੇਪਰੇ ਚਾੜ੍ਹ ਲਿਆ ਗਿਆ ਹੈ।