ਸਰਕਾਰੀ ਸਕੂਲ ਸੰਘੇੜਾ ਵਿੱਚ ਇਨਾਮ ਵੰਡ ਸਮਾਗਮ ਕਰਵਾਇਆ
ਪੀ ਐੱਮ ਸ੍ਰੀ ਸਰਕਾਰੀ ਹਾਈ ਸਕੂਲ ਸੰਘੇੜਾ ਵਿਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਅਗਵਾਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸੁਨੀਤਇੰਦਰ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਰਜਿੰਦਰਪਾਲ ਸਿੰਘ ਨੇ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਸੰਘੇੜਾ ਦੇ ਜੰਮਪਲ ਤੇ ਕੈਨੇਡਾ ਵਾਸੀ ਮਾਸਟਰ ਪਰਮਜੀਤ ਸਿੰਘ ਨੇ ਸਾਰੀਆਂ ਜਮਾਤਾਂ ’ਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨਾਲ ਜਾਗਰ ਸਿੰਘ ਸੰਘੇੜਾ, ਰਜਿੰਦਰ ਭਦੌੜ, ਕਪਿਸ਼ ਗਰਗ ਅਤੇ ਮਾਲਵਿੰਦਰ ਸ਼ਾਇਰ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਛੇਵੀਂ ਜਮਾਤ ’ਚੋਂ ਸ਼ਗਨਦੀਪ ਕੌਰ, ਖ਼ੁਸ਼ਪ੍ਰੀਤ ਕੌਰ ਅਤੇ ਗੁਰਪ੍ਰੀਤ ਕੌਰ, ਸੱਤਵੀਂ ਜਮਾਤ ’ਚੋਂ ਮਨਵੀਰ ਕੌਰ, ਜਸਲੀਨ ਕੌਰ ਅਤੇ ਗੁਰਮੰਨਤ, ਅੱਠਵੀਂ ਜਮਾਤ ’ਚੋਂ ਕੁਲਵੀਰ ਕੌਰ, ਆਦਿੱਤਿਆ ਯਾਦਵ ਅਤੇ ਦਿਲਪ੍ਰੀਤ ਰਾਮ, ਨੌਵੀਂ ਜਮਾਤ ਵਿੱਚ ਮੁਸਕਾਨ, ਮਨਵੀਰ ਕੌਰ, ਹਰਕੋਮਲ ਕੌਰ ਅਤੇ ਦਸਵੀਂ ਜਮਾਤ ’ਚੋਂ ਬਰਲੀਨ ਕੌਰ, ਸਗਨਪ੍ਰੀਤ ਕੌਰ ਅਤੇ ਕੁਲਵੀਰ ਕੌਰ ਨੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸੁਖਦੀਪ ਸਿੰਘ ਦੇ ਨਾਲ ਚਮਕੌਰ ਸਿੰਘ ਅਤੇ ਪਿੰਡ ਦੇ ਪਤਵੰਤੇ ਸੱਜਣਾਂ ’ਚੋਂ ਐਡਵੋਕੇਟ ਯੁਵਰਾਜ ਸਿੰਘ ਭੰਗੂ, ਨੰਬਰਦਾਰ ਨਛੱਤਰ ਸਿੰਘ ਅਤੇ ਆਰਕੀਟੈਕਟ ਰਾਜਵਿੰਦਰ ਸਿੰਘ ਰਾਜੂ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਪਰਮਜੀਤ ਸਿੰਘ ਦੇ ਇਸ ਸ਼ਲਾਘਾਯੋਗ ਕਾਰਜ ਦੀ ਸਿਫ਼ਤ ਕੀਤੀ। ਰਾਜਿੰਦਰ ਭਦੌੜ ਨੇ ਵੀ ਆਪਣੇ ਵਿਚਾਰ ਰੱਖੇ। ਮੰਚ ਸੰਚਾਲਨ ਪੰਜਾਬੀ ਮਾਸਟਰ ਗੁਰਪਾਲ ਸਿੰਘ ਬਿਲਾਵਲ ਨੇ ਕੀਤਾ। ਅਖੀਰ ਵਿੱਚ ਮੁੱਖ ਅਧਿਆਪਕਾ ਬਰਿੰਦਰ ਕੌਰ ਨੇ ਮਹਿਮਾਨਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ।
