ਪ੍ਰਾਈਵੇਟ ਬੱਸ ਅਪਰੇਟਰਾਂ ਨੇ ਮੰਤਰੀ ਨੂੰ ਸੁਣਾਏ ਦੁੱਖੜੇ
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੋਂ ਪ੍ਰਾਈਵੇਟ ਬੱਸ ਅਪਰੇਟਰਜ਼ ਐਸੋਸੀਏਸ਼ਨ ਮਾਨਸਾ ਨੇ ਮੰਗ ਕੀਤੀ ਕਿ ਪਿਛਲੀਆਂ ਸਰਕਾਰਾਂ ਦੇ ਗ਼ੈਰ-ਜ਼ਿੰਮੇਵਾਰਾਨਾ ਰਵੱਈਏ ਕਾਰਨ ਪ੍ਰਾਈਵੇਟ ਬੱਸ ਟਰਾਂਸਪੋਰਟ ਸਨਅਤ ਨੂੰ ਹੋਏ ਨੁਕਸਾਨ ’ਚੋਂ ਕੱਢਣ ਲਈ ਪੰਜਾਬ ਸਰਕਾਰ ਨੂੰ ਯੋਗ ਉਪਰਾਲੇ ਕਰਨੇ ਚਾਹੀਦੇ ਹਨ। ਐਸੋਸੀਏਸ਼ਨ ਨੇ ਮੰਗ ਕੀਤੀ ਕਿ ਵੱਡੀਆਂ ਤੇ ਮਿਨੀ ਬੱਸਾਂ ਦੇ ਮਹੀਨੇਵਾਰ ਤੇ ਤਿਮਾਹੀ ਟੈਕਸ ਭਰਨ ਉੱਤੇ 10 ਫ਼ੀਸਦੀ ਸੈੱਸ ਲੱਗਿਆ ਹੋਇਆ ਹੈ ਜਿਸ ਨੂੰ ਖ਼ਤਮ ਕਰਨਾ ਜ਼ਰੂਰੀ ਹੈ। ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਦੀ ਅਗਵਾਈ ਹੇਠ ਮਿਲੇ ਵਫ਼ਦ ਨੇ ਕਿਹਾ ਕਿ ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਦੇ ਬੱਸ ਅਪਰੇਟਰਾਂ ਨੂੰ ਆਰਟੀਏ ਦਫ਼ਤਰ ਬਠਿੰਡਾ ਵਿੱਚ ਕੰਮ ਕਰਵਾਉਣ ਲਈ ਸਭ ਤੋਂ ਵੱਧ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸਟਾਫ਼ ਨੂੰ ਕੰਮ ਲਈ ਸਮਾਂਬੱਧ ਕਰਦੇ ਹੋਏ ਜਵਾਬਦੇਹ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਵੱਡੀਆਂ ਬੱਸਾਂ ਦੇ ਮੋਟਰ ਵਾਹਨ ਟੈਕਸ ਦੀ ਮੌਜੂਦਾ ਦਿਨਾਂ ਦੀ ਛੂਟ ਨੂੰ ਵਧਾਉਂਦੇ ਹੋਏ 10 ਦਿਨ ਪ੍ਰਤੀ ਮਹੀਨਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਾਜਾਇਜ਼ ਤੌਰ ’ਤੇ ਚੱਲਦੇ ਵਾਹਨਾਂ ’ਤੇ ਸਵਾਰੀਆਂ ਚੁੱਕਣ ’ਤੇ ਪਾਬੰਦੀ ਲਾਈ ਜਾਵੇ। ਇਸ ਮੌਕੇ ਰਾਜ ਕੁਮਾਰ ਜਿੰਦਲ, ਪੁਨੀਤ ਸ਼ਰਮਾ, ਅਸ਼ੋਕ ਸਪੋਲੀਆ ਆਦਿ ਮੌਜੂਦ ਸਨ।