ਦਸਹਿਰੇ ਮੌਕੇ ਪਾਣੀ ’ਚ ਪੂਜਾ ਸਮੱਗਰੀ ਸੁੱਟਣ ਤੋਂ ਰੋਕਿਆ
ਪੁੰਗਰੇ ਜੌਂ, ਨਾਰੀਅਲ, ਕੱਪੜੇ ਅਤੇ ਪੂਜਾ ਅਰਚਨਾ ਦੇ ਹੋਰ ਸਾਮਾਨ ਦਾ ਸੂਏ ਦੇ ਪੁਲ ’ਤੇ ਲੱਗਿਆ ਢੇਰ
Advertisement
ਮਾਨਸਾ ਦੇ ਸਮਾਜ ਸੇਵੀਆਂ ਨੇ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਅਤੇ ਡਾ. ਜਨਕ ਰਾਜ ਦੀ ਅਗਵਾਈ ਵਿੱਚ ਅੱਜ ਇੱਕ ਵਿਲੱਖਣ ਕਿਸਮ ਦੀ ਸਫਾਈ ਮੁਹਿੰਮ ਚਲਾਈ। ਇਸ ਦੌਰਾਨ ਵੁਆਇਸ ਆਫ ਮਾਨਸਾ ਦੇ ਮੈਂਬਰ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਵਰਕਰ ਸੂਏ ਦੇ ਵਾਟਰ ਵਰਕਸ ਨੇੜਲੇ ਪੁਲ ਸਣੇ ਜਵਾਹਰਕੇ ਅਤੇ ਚੁਕੇਰੀਆਂ ਵਾਲੇ ਪੁਲ ’ਤੇ ਖੜ੍ਹ ਗਏ। ਦਸਹਿਰੇ ਵਾਲੇ ਦਿਨ ਵੱਡੀ ਗਿਣਤੀ ਲੋਕ ਸਵੇਰ ਵੇਲੇ ਪਾਣੀ ਵਿੱਚ ਪੂਜਾ ਲਈ ਵਰਤਿਆ ਗਿਆ ਸਾਮਾਨ ਜਲ ਪ੍ਰਵਾਹ ਕਰਨ ਆਉਂਦੇ ਹਨ। ਅੱਜ ਜਦੋਂ ਵੀ ਕੋਈ ਸ਼ਹਿਰੀ ਸਾਮਾਨ ਨੂੰ ਸੂਏ ਦੇ ਪਾਣੀ ਵਿੱਚ ਸੁੱਟਣ ਦੇ ਇਰਾਦੇ ਨਾਲ ਆਇਆ ਤਾਂ ਪਹਿਲਾਂ ਤੋਂ ਹੀ ਮੌਜੂਦ ਸਮਾਜ ਸੇਵੀਆਂ ਨੇ ਨਿਮਰਤਾ ਨਾਲ ਅਪੀਲ ਕਰਦਿਆਂ ਉਸ ਨੂੰ ਰੋਕਿਆ। ਭਾਵੇਂ ਕੁੱਝ ਲੋਕਾਂ ਨੇ ਸਾਮਾਨ ਨੂੰ ਪਾਣੀ ਵਿੱਚ ਸੁੱਟਣ ਦੀ ਜਿੱਦ ਵੀ ਕੀਤੀ ਪਰ ਸਮਾਜ ਸੇਵੀਆਂ ਦੀ ਨਿਮਰਤਾ ਕਾਰਨ ਉਹ ਹੱਥਾਂ ਵਿੱਚ ਫੜੇ ਲਿਫਾਫੇ ਦੱਸੀ ਥਾਂ ਰੱਖ ਗਏ।
ਡਾ. ਜਨਕ ਰਾਜ ਰਾਜ, ਰਾਜਵਿੰਦਰ ਸਿੰਘ ਰਾਣਾ, ਸਮਸ਼ੇਰ ਸਿੰਘ ਅਤੇ ਰਾਹੁਲ ਗੁਪਤਾ ਨੇ ਦੱਸਿਆ ਕਿ ਦੋ ਘੰਟੇ ਵਿੱਚ ਹੀ ਤਿੰਨ ਟਰਾਲੀਆਂ ਬਰਾਬਰ ਸਾਮਾਨ ਦੇ ਭਰੇ ਲਿਫ਼ਾਫ਼ਿਆਂ ਦਾ ਢੇਰ ਲੱਗ ਗਿਆ। ਉਨ੍ਹਾਂ ਕਿਹਾ ਕਿ ਜੇਕਰ ਇਹ ਸਮਾਨ ਸੂਏ ਵਿੱਚ ਸੁੱਟਿਆ ਜਾਂਦਾ ਤਾਂ ਇਸਨੇ ਪੀਣ ਲਈ ਵਰਤੇ ਜਾਂਦੇ ਪਾਣੀ ਨੂੰ ਦੂਸ਼ਤਿ ਕਰ ਦੇਣਾ ਸੀ। ਉਨ੍ਹਾਂ ਕਿਹਾ ਕਿ ਜਿਥੇ ਇਹ ਕੂੜਾ ਪਾਣੀ ਨੂੰ ਗੰਦਾ ਕਰਦਾ, ਉੱਥੇ ਪਾਣੀ ਦੇ ਵਹਾਅ ਨੂੰ ਵੀ ਰੋਕਦਾ। ਉਨ੍ਹਾਂ ਦੱਸਿਆ ਕਿ ਹੁਣ ਉਹ ਇਸ ਸਮਾਨ ਨੂੰ ਖਾਦ ਵਜੋਂ ਵਰਤਣ ਲਈ ਕਿਸਾਨਾਂ ਨੂੰ ਦੇਣਗੇ ਅਤੇ ਨਾਰੀਅਲ ਦੇ ਹੋਰ ਸਮਾਨ ਲੋੜਵੰਦਾਂ ਵਿੱਚ ਵੰਡਿਆ ਜਾਵੇਗਾ। ਇਸ ਮੌਕੇ ਭੀਮ ਸਿੰਘ ਫੌਜੀ, ਸ਼ਾਮ ਲਾਲ ਦੂਲੋਵਾਲ, ਮੇਜਰ ਸਿੰਘ ਫ਼ੌਜੀ, ਹਰਮੇਲ ਸਿੰਘ, ਮੇਜਰ ਸਿੰਘ, ਹਰਮੀਤ ਸਿੰਘ, ਜਗਰੂਪ ਸਿੰਘ ਅਤੇ ਬਿੰਦਰ ਪ੍ਰਵਾਨਾ ਮੌਜੂਦ ਸਨ।
Advertisement
Advertisement