ਫ਼ਰੀਦਕੋਟ ’ਚ ਬਿਜਲੀ ਦੇ ਖੰਭਿਆਂ ਨੇ ਰੋਕਿਆ 100 ਕਰੋੜੀ ਪ੍ਰਾਜੈਕਟ
ਇੱਥੇ ਫ਼ਰੀਦਕੋਟ-ਕੋਟਕਪੂਰਾ ਰੋਡ ’ਤੇ ਸਰਹਿੰਦ ਅਤੇ ਰਾਜਸਥਾਨ ਫੀਡਰ ਉੱਪਰ 100 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਸਟੀਲ ਦੇ ਪੁਲਾਂ ਦਾ ਕੰਮ ਵਿਚਾਲੇ ਲਟਕ ਗਿਆ ਹੈ। ਇਹ ਪ੍ਰਾਜੈਕਟ ਮਿੱਥੇ ਸਮੇਂ ਨਾਲੋਂ ਪਹਿਲਾਂ ਹੀ ਚਾਰ ਮਹੀਨੇ ਲੇਟ ਹੈ। ਪੰਜਾਬ ਸਰਕਾਰ ਨੇ ਰਾਜਸਥਾਨ ਅਤੇ ਸਰਹਿੰਦ ਫੀਡਰ ਉੱਪਰ ਬਣੇ ਪੁਰਾਣੇ ਪੁਲਾਂ ਨੂੰ ਢਾਹ ਕੇ ਨਵੇਂ ਪੁਲ ਬਣਾ ਦਿੱਤੇ ਹਨ ਅਤੇ ਸੜਕ ਵੀ ਵਨ-ਵੇਅ ਕਰ ਦਿੱਤੀ ਹੈ। ਸੜਕ ਨੂੰ ਚੌੜਾ ਕਰਨ ਲਈ ਸੜਕ ਦੇ ਸਾਹਮਣੇ ਲਾਏ ਗਏ ਬਿਜਲੀ ਦੇ ਕਰੀਬ ਚਾਰ ਖੰਭਿਆਂ ਨੂੰ ਪੁੱਟਿਆ ਜਾਣਾ ਸੀ ਪ੍ਰੰਤੂ ਇੱਕ ਸਾਲ ਬੀਤਣ ਤੋਂ ਬਾਅਦ ਵੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੇ ਇਨ੍ਹਾਂ ਖੰਬਿਆਂ ਨੂੰ ਨਹੀਂ ਪੁੱਟਿਆ ਜਿਸ ਕਰਕੇ ਪੁਲਾਂ ਸਾਹਮਣੇ ਬਣਨ ਵਾਲੀ ਸੜਕ ਦਾ ਕੰਮ ਵਿਚਾਲੇ ਰੁਕ ਗਿਆ ਹੈ। ਇੱਥੇ ਪਹਿਲਾਂ ਚਾਰ ਸਫੈਦੇ ਦੇ ਰੁੱਖ ਵੀ ਸਨ ਜਿਸ ਨੂੰ ਗਰੀਨ ਟ੍ਰਿਬਿਊਨਲ ਨਵੀਂ ਦਿੱਲੀ ਨੇ ਪੁੱਟਣ ਦੀ ਮਨਜ਼ੂਰੀ ਨਹੀਂ ਦਿੱਤੀ ਸੀ। ਇਸ ਕਰਕੇ ਵੀ ਇਹ ਪ੍ਰਾਜੈਕਟ ਦੋ ਮਹੀਨੇ ਲੇਟ ਹੋ ਗਿਆ ਸੀ ਪਰ ਹੁਣ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਸਫੈਦੇ ਦੇ ਰੁੱਖ ਪੁੱਟ ਦਿੱਤੇ ਗਏ ਹਨ ਪ੍ਰੰਤੂ ਖੰਬੇ ਜਿਉਂ ਦੇ ਤਿਉਂ ਖੜ੍ਹੇ ਹਨ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਐੱਸਡੀਓ ਫਰੀਦਕੋਟ ਨੇ ਕਿਹਾ ਕਿ ਉਨ੍ਹਾਂ ਨੇ ਖੰਭੇ ਪੁੱਟਣ ਲਈ ਸਰਵੇ ਮੁਕੰਮਲ ਕਰ ਲਿਆ ਹੈ ਅਤੇ ਜਲਦੀ ਹੀ ਇਹ ਖੰਭੇ ਪੁੱਟ ਦਿੱਤੇ ਜਾਣਗੇ। ਦੂਜੇ ਪਾਸੇ ਸੜਕ ਅਤੇ ਪੁਲ ਦਾ ਨਿਰਮਾਣ ਕਰ ਰਹੇ ਠੇਕੇਦਾਰਾਂ ਨੇ ਕਿਹਾ ਕਿ ਉਹ ਦਿਨ ਰਾਤ ਪ੍ਰਾਜੈਕਟ ਨੂੰ ਮੁਕੰਮਲ ਕਰਨ ਵਿੱਚ ਲੱਗੇ ਹੋਏ ਹਨ ਕਿਉਂਕਿ 15 ਅਗਸਤ ਨੂੰ ਇਸ ਪੁਲ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਰਨਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇ ਖੰਬੇ ਨਹੀਂ ਪੁੱਟੇ ਗਏ ਜਿਸ ਕਰਕੇ ਕੰਮ ਵਿੱਚ ਅੜਿੱਕਾ ਪਿਆ ਹੋਇਆ ਹੈ।
ਮੁੱਖ ਮੰਤਰੀ ਦੀ ਫੇਰੀ ਤੋਂ ਪਹਿਲਾਂ ਮੁਕੰਮਲ ਕਰਾਂਗੇ ਕੰਮ: ਸੇਖੋਂ
Advertisement
ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਪੁਲ ਦੇ ਨਿਰਮਾਣ ਲਈ ਲੋੜੀਂਦੇ ਸਾਰੇ ਫੰਡ ਤੈਅ ਸਮੇਂ ਵਿੱਚ ਭੇਜੇ ਹਨ। ਇਸ ਦੇ ਬਾਵਜੂਦ ਕੁਝ ਮਹਿਕਮਿਆਂ ਦੀ ਲਾਪਰਵਾਹੀ ਕਰਕੇ ਪ੍ਰਾਜੈਕਟ ਲੇਟ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਫੇਰੀ ਤੋਂ ਪਹਿਲਾਂ ਪਹਿਲਾਂ ਇਸ ਪ੍ਰਾਜੈਕਟ ਨੂੰ ਹਰ ਹਾਲਤ ਵਿੱਚ ਮੁਕੰਮਲ ਕਰਵਾ ਦਿੱਤਾ ਜਾਵੇਗਾ।