ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਧਰਨਾ
ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ ਤੇ ਟਰਾਂਸਕੋ ਵੱਲੋਂ ਪੈਨਸ਼ਨਰਜ਼ ਦੀਆਂ ਮੰਗਾਂ ਸਬੰਧੀ ਆਗੂ ਪਿਆਰਾ ਲਾਲ ਦੀ ਅਗਵਾਈ ਹੇਠ ਅੱਜ ਸਥਾਨਕ ਨਿਗਰਾਨ ਇੰਜਨੀਅਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਪਾਵਰਕੌਮ ਚੇਅਰਮੈਨ ਦੇ ਨਾਂ ਮੰਗ ਪੱਤਰ ਵੀ ਸੌਂਪਿਆ ਗਿਆ।
ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਆਗੂ ਅਵਿਨਾਸ਼ ਸ਼ਰਮਾ, ਸ਼ਿੰਦਰ ਧੌਲਾ ਅਤੇ ਭੁਪਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਵਰਕੌਮ ਦੀ ਮੈਨੇਜਮੈਂਟ ਪੈਨਸ਼ਨਰਜ਼ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਰਹੀ ਹੈ। ਭਗਵੰਤ ਮਾਨ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਲੰਬੇ ਸੰਘਰਸ਼ ਤੋਂ ਬਾਅਦ ਕੀਤੀਆਂ ਗਈਆਂ ਦੋ ਮੀਟਿੰਗਾਂ ਦੌਰਾਨ ਕੀਤੇ ਵਾਅਦੇ ਲਾਗੂ ਨਹੀਂ ਕੀਤੇ ਗਏ। ਬੁਲਾਰਿਆਂ ਨੇ ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 13 ਫ਼ੀਸਦੀ ਮਹਿੰਗਾਈ ਭੱਤਾ, 2.59 ਫ਼ੀਸਦੀ ਦੇ ਫੈਕਟਰ ਅਨੁਸਾਰ ਪੈਨਸ਼ਨ/ਤਨਖ਼ਾਹ ਫਿਕਸ ਕਰਨ, ਮਹਿੰਗਾਈ ਭੱਤਾ ਅਤੇ ਤਨਖ਼ਾਹ ਸਕੇਲਾਂ ਦਾ ਬਕਾਇਆ ਜਾਰੀ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਆਦਿ ਮੰਗਾਂ ਮਸਲੇ ਹੱਲ ਕਰਨ ਦੀ ਮੰਗ ਕੀਤੀ। ਸੱਤ ਨਵੰਬਰ ਨੂੰ ਪਾਵਰਕੌਮ ਦੇ ਮੁੱਖ ਦਫ਼ਤਰ ਮਾਲ ਰੋਡ ਪਟਿਆਲਾ ਵਿੱਚ ਦਿੱਤੇ ਜਾ ਰਹੇ ਸੂਬਾਈ ਧਰਨੇ ਦੀਆਂ ਤਿਆਰੀਆਂ ਵਿੱਚ ਹੁਣੇ ਤੋਂ ਜੁਟਣ ਦਾ ਸੱਦਾ ਦਿੱਤਾ।
ਧਰਨੇ ਨੂੰ ਜਰਨੈਲ ਸਿੰਘ ਪੰਜਗਰਾਈਂ, ਰੂਪ ਚੰਦ ਤਪਾ, ਗੁਰਚਰਨ ਸਿੰਘ ਬਰਨਾਲਾ, ਮੇਲਾ ਸਿੰਘ ਕੱਟੂ, ਨਰਾਇਣ ਦੱਤ, ਰਤਨ ਸਿੰਘ, ਗੌਰੀ ਸ਼ੰਕਰ, ਬਲਵੰਤ ਸਿੰਘ ਬਰਨਾਲਾ, ਬਹਾਦਰ ਸਿੰਘ ਸੰਘੇੜਾ, ਗੋਬਿੰਦ ਕਾਂਤ, ਮੋਹਣ ਸਿੰਘ ਛੰਨਾਂ, ਕੁਲਦੀਪ ਸਿੰਘ, ਜਗਦੀਸ਼ ਸਿੰਘ ਨਾਈਵਾਲਾ ਅਤੇ ਪਰਮਜੀਤ ਸ਼ਰਮਾ ਨੇ ਵੀ ਸੰਬੋਧਨ ਕੀਤਾ ਤੇ ਪੈਨਸ਼ਨਰਜ਼ ਨੂੰ ਸਰਕਾਰ ਤੋਂ ਝਾਕ ਛੱਡ ਕੇ ਸੰਘਰਸ਼ਾਂ ਉੱਤੇ ਟੇਕ ਰੱਖਣ ਦਾ ਸੱਦਾ ਦਿੱਤਾ। ਪੈਨਸ਼ਨਰਾਂ ਦੀਆਂ ਮੰਗਾਂ ਦਾ ਚੇਅਰਮੈਨ ਪਾਵਰਕੌਮ ਦੇ ਨਾਂ ਮੰਗ ਪੱਤਰ ਵਧੀਕ ਨਿਗਰਾਨ ਇੰਜਨੀਅਰ ਅਰਸ਼ਦੀਪ ਸਿੰਘ ਨੂੰ ਸੌਂਪਿਆ।