ਪੋਲਿੰਗ ਪਾਰਟੀਆਂ ਚੋਣ ਸਮੱਗਰੀ ਸਣੇ ਪੋਲਿੰਗ ਸਟੇਸ਼ਨਾਂ ’ਤੇ ਪੁੱਜੀਆਂ
ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਬਰਨਾਲਾ ਅੰਦਰ ਜ਼ਿਲ੍ਹਾ ਪਰਿਸ਼ਦ ਦੇ 10 ਜ਼ੋਨਾਂ ਅਤੇ ਬਲਾਕ ਸਮਿਤੀ ਦੇ 65 ਹਲਕਿਆਂ ਦੀਆਂ ਚੋਣਾਂ ਦੇ ਮੱਦੇਨਜ਼ਰ 14 ਦਸੰਬਰ ਨੂੰ ਵੋਟਾਂ ਪੁਆਉਣ ਲਈ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਟੀ ਬੈਨਿਥ ਦੀ ਅਗਵਾਈ ਹੇਠ ਸਮੂਹ ਰਿਟਰਨਿੰਗ ਅਧਿਕਾਰੀਆਂ ਵੱਲੋਂ ਅੱਜ ਵੱਖ-ਵੱਖ ਥਾਵਾਂ ਤੋਂ ਵੋਟ ਬਕਸਿਆਂ ਸਮੇਤ ਚੋਣ ਸਮੱਗਰੀ ਦੇ ਕੇ ਰਵਾਨਾ ਕੀਤੀਆਂ ਗਈਆਂ ਚੋਣ ਅਮਲੇ ਦੀਆਂ ਪੋਲਿੰਗ ਪਾਰਟੀਆਂ ਦੇਰ ਸ਼ਾਮ ਆਪਣੇ ਪੋਲਿੰਗ ਸਟੇਸ਼ਨਾਂ ਵਿਖੇ ਪੁੱਜੀਆਂ। ਇਹ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੁਆਈਆਂ ਜਾਣਗੀਆਂ। ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣਾਂ ਲਈ ਕੁੱਲ 3,14,554 ਮਤਦਾਤਾ 14 ਦਸੰਬਰ ਨੂੰ ਵੋਟਾਂ ਪਾਉਣਗੇ। ਇਨ੍ਹਾਂ ਵਿੱਚ 1,66,681 ਪੁਰਸ਼ ਮਤਦਾਤਾ, 1,47,872 ਮਹਿਲਾ ਮਤਦਾਤਾ ਅਤੇ ਇੱਕ ਟ੍ਰਾਂਸਜੈਂਡਰ ਮਤਦਾਤਾ ਸ਼ਾਮਲ ਹਨ। ਮਤਦਾਤਾ ਆਪਣੀ ਵੋਟ 369 ਪੋਲਿੰਗ ਬੂਥਾਂ ’ਤੇ ਪਾਉਣਗੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸ਼ਿਕਾਇਤ ਦਫ਼ਤਰ ਦੇ ਕਮਰਾ ਨੰਬਰ 25, ਪਹਿਲੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਦਿੱਤੀ ਜਾ ਸਕਦੀ ਹੈ ਜਾਂ ਦਫ਼ਤਰ ਦੇ ਲੈਂਡਲਾਇਨ ਨੰਬਰ 01679-244367 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਪ੍ਰਕਾਰ ਦੀ ਸ਼ਿਕਾਇਤ zilaparishadelectionscomplaint@gmail.com ਈ ਮੇਲ ਆਈ. ਡੀ. ਉੱਤੇ ਵੀ ਕੀਤੀ ਜਾ ਸਕਦੀ ਹੈ।
