ਸਿਆਸੀ ਆਗੂਆਂ ਨੇ ਥਾਣਾ ਘੇਰਿਆ
ਇੱਥੇ ਅੱਜ ਪੁਲੀਸ ਖ਼ਫ਼ਾ ਹੋਏ ਸ਼ਹਿਰ ਵਾਸੀਆਂ ਨੇ ਫ਼ਰੀਦਕੋਟ ਸਿਟੀ ਥਾਣੇ ਨੂੰ ਘੇਰ ਲਿਆ ਤੇ ਪੁਲੀਸ ਖ਼ਿਲਾਫ਼ ਦੋ ਘੰਟਿਆਂ ਤੋਂ ਵੱਧ ਸਮਾਂ ਨਾਅਰੇਬਾਜ਼ੀ ਕੀਤੀ। ਜਾਣਕਾਰੀ ਅਨੁਸਾਰ 24 ਅਕਤੂਬਰ ਨੂੰ ਕਾਲਾ ਰਾਮ ਨਾਮ ਦੇ ਵਿਅਕਤੀ ਦਾ ਸਕੂਟਰ ਚੋਰੀ ਹੋ ਗਿਆ ਸੀ ਪਰ ਪੁਲੀਸ ਚੋਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਸੀ ਕਰ ਰਹੀ। ਇਸ ਸਬੰਧੀ ਕਾਲਾ ਰਾਮ ਤੇ ‘ਆਪ’ ਆਗੂ ਵਿਜੇ ਛਾਬੜਾ ਨੇ ਦੱਸਿਆ ਕਿ ਉਨ੍ਹਾਂ ਨੇ ਸਿਟੀ ਥਾਣੇ ਵਿੱਚ ਪੁਲੀਸ ਨੂੰ ਕਾਰਵਾਈ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਐੱਸ ਐੱਚ ਓ ਸੰਜੀਵ ਕੁਮਾਰ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੀ ਥਾਂ ਵਿਜੇ ਛਾਬੜਾ ਨੂੰ ਹੀ ਕਥਿਤ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੁਲੀਸ ਅਧਿਕਾਰੀ ਨੇ ਕਿਹਾ ਕਿ ਉਹ ‘ਆਪ’ ਆਗੂ ਖ਼ਿਲਾਫ਼ ਕੇਸ ਦਰਜ ਕਰ ਦੇਵੇਗਾ। ਇਸ ਘਟਨਾ ਤੋਂ ਬਾਅਦ ਫ਼ਰੀਦਕੋਟ ਦੇ ਭਾਜਪਾ, ਕਾਂਗਰਸੀ ਅਤੇ ਅਕਾਲੀ ਆਗੂ ਵੀ ਥਾਣੇ ਆ ਗਏ। ਉਨ੍ਹਾਂ ਦੋਸ਼ ਲਾਇਆ ਕਿ ਸਿਟੀ ਪੁਲੀਸ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਪੀੜਤਾਂ ਨੂੰ ਡਰਾ-ਧਮਕਾ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨਾਲ ਖੜ੍ਹਨ ਵਾਲੇ ਸ਼ਹਿਰ ਦੇ ਮੋਹਤਬਰਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ। ਇਸ ਮਗਰੋਂ ਭਾਜਪਾ ਆਗੂ ਸੰਦੀਪ ਸਿੰਘ ਸੰਨੀ ਬਰਾੜ, ਗਗਨਦੀਪ ਸੁਖੀਜਾ, ਕਾਂਗਰਸੀ ਆਗੂ ਧਨਜੀਤ ਸਿੰਘ ਵਿਰਕ, ਹਰਚਰਨ ਸਿੰਘ ਸੰਧੂ, ਜਸਪ੍ਰੀਤ ਸਿੰਘ ਅਤੇ ਅਧਿਆਪਕ ਆਗੂ ਗਗਨ ਪਾਹਵਾ ਆਦਿ ਸਾਥੀਆਂ ਸਣੇ ਥਾਣੇ ਅੱਗੇ ਧਰਨੇ ’ਤੇ ਬੈਠ ਗਏ। ਉਨ੍ਹਾਂ ‘ਆਪ’ ਆਗੂ ਨਾਲ ਦੁਰਵਿਹਾਰ ਕਰਨ ਵਾਲੇ ਐੱਸ ਐੱਚ ਓ ਨੂੰ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ।
ਥਾਣਾ ਸਿਟੀ ’ਚ ਵਾਪਰੀ ਘਟਨਾ ਅਫ਼ਸੋਸਜਨਕ: ਡੀ ਐੱਸ ਪੀ
ਡੀ ਐੱਸ ਪੀ ਤਰਲੋਚਨ ਸਿੰਘ ਨੇ ਕਿਹਾ ਕਿ ਅੱਜ ਥਾਣਾ ਸਿਟੀ ਫ਼ਰੀਦਕੋਟ ਵਿੱਚ ਵਾਪਰੀ ਘਟਨਾ ਅਫ਼ਸੋਸਜਨਕ ਹੈ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨੂੰ ਬਿਠਾ ਕੇ ਮਾਮਲੇ ਨੂੰ ਹੱਲ ਕਰ ਦਿੱਤਾ ਗਿਆ ਹੈ। ਯਕੀਨੀ ਬਣਾਇਆ ਜਾਵੇਗਾ ਕਿ ਭਵਿੱਖ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੇ। ਬਾਅਦ ਵਿੱਚ ਐੱਸ ਐੱਚ ਓ ਸੰਜੀਵ ਕੁਮਾਰ ਨੇ ਧਰਨੇ ਵਿੱਚ ਆ ਕੇ ਧਰਨਾਕਾਰੀਆਂ ਤੋਂ ਬਿਨਾਂ ਸ਼ਰਤ ਜਨਤਕ ਮੁਆਫ਼ੀ ਮੰਗੀ। ਉਨ੍ਹਾਂ ਕਿਹਾ ਕਿ ਜੋ ਕੁਝ ਵੀ ਹੋਇਆ ਹੈ, ਉਸ ਲਈ ਉਨ੍ਹਾਂ ਨੂੰ ਅਫ਼ਸੋਸ ਹੈ।
