ਪੁਲੀਸ ਵੱਲੋਂ ਕੋਟਕਪੂਰਾ ’ਚ ਨਸ਼ਿਆਂ ਖਿਲਾਫ਼ ਕਾਰਵਾਈ
ਪੁਲੀਸ ਨੇ ਫਰੀਦਕੋਟ ਜ਼ਿਲ੍ਹਾ ਵਿੱਚ ਨਸ਼ਿਆਂ ਦੇ ਮਾਮਲੇ ’ਚ ਕੋਟਕਪੂਰਾ ’ਚ ਤੀਜੀ ਵਾਰ ਕਾਰਵਾਈ ਕਰਦਿਆਂ ਅੱਜ ਇੱਕ ਮਕਾਨ ’ਤੇ ਜੇ ਸੀ ਬੀ ਚਲਾਈ ਅਤੇ ਉਸ ਦਾ ਕੁਝ ਹਿੱਸਾ ਢਾਹ ਦਿੱਤਾ। ਮਕਾਨ ਢਾਹੁਣ ਲਈ ਆਈ ਪੁਲੀਸ ਟੀਮ ਦੀ ਅਗਵਾਈ ਐੱਸ ਐੱਸ ਪੀ ਡਾ. ਪ੍ਰਗਿਆ ਜੈਨ ਨੇ ਕੀਤੀ ਜਦੋਂ ਕਿ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਅਮ੍ਰਿਤ ਲਾਲ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਗਵਾਈ ਕੀਤੀ। ਬਾਅਦ ਦੁਪਹਿਰ ਭਾਰੀ ਪੁਲੀਸ ਫੋਰਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੋਟਕਪੂਰਾ ਦੀ ਜਲਾਲੇਆਣਾ ਰੋਡ ’ਤੇ ਸਥਿਤ ਮਕਾਨ ’ਤੇ ਪੁਲੀਸ ਨੇ ਜੇ ਸੀ ਬੀ ਚਲਾਈ। ਇਸ ਗਲੀ ਵਿੱਚ ਪਹਿਲਾਂ ਵੀ ਇਕੋ ਦਿਨ ਇਕੋ ਵੇਲੇ ਕਾਰਵਾਈ ਕਰਦਿਆਂ 4 ਘਰ ਢਾਹੇ ਗਏ ਸਨ। ਐੱਸ ਐੱਸ ਪੀ ਡਾ. ਪ੍ਰਗਿਆ ਜੈਨ ਤੇ ਡੀ ਐੱਸ ਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਲੋਕਾਂ ਦੀਆਂ ਇਸ ਗਲੀ ਪ੍ਰਤੀ ਕਾਫੀ ਸ਼ਿਕਾਇਤਾਂ ਆ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਫਰੀਦਕੋਟ ਜ਼ਿਲੇ ਵਿੱਚ ਨਸ਼ੇ ਦੇ ਕਾਰੋਬਾਰ ਵਿੱਚ ਲੱਗੇ ਲੋਕਾਂ ਦੀ 6 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ ਜਦੋਂ ਕਿ ਇਸ ਤੋਂ ਪਹਿਲਾਂ 7 ਹੋਰ ਵਿਅਕਤੀਆਂ ਦੇ ਮਕਾਨ ਢਾਹੇ ਗਏ ਹਨ। ਡਾ. ਜੈਨ ਨੇ ਦੱਸਿਆ ਕਿ ਪਿਛਲੇ 9 ਮਹੀਨਿਆਂ ਵਿੱਚ 1054 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ 624 ਮੁਕੱਦਮੇ ਦਰਜ ਕੀਤੇ ਗਏ ਹਨ। ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਅੰਮ੍ਰਿਤ ਲਾਲ ਨੇ ਦੱਸਿਆ ਕਿ ਇਹ ਮਕਾਨ ਨਾਜਾਇਜ਼ ਤੌਰ ’ਤੇ ਉਸਾਰਿਆ ਗਿਆ ਸੀ ਅਤੇ ਇਸ ਦਾ ਨਕਸ਼ਾ ਵੀ ਪਾਸ ਨਹੀਂ ਸੀ ਕਰਵਾਇਆ ਹੋਇਆ।
