ਪੁਲੀਸ ਨੇ ਬਹਾਲ ਕਰਵਾਈ ਸੈਦੋਕੇ ਦੀ ਬਿਜਲੀ ਸਪਲਾਈ
ਪਿੰਡ ਤਲਵੰਡੀ ਦੇ 66ਕੇਵੀ ਗਰਿੱਡ ਤੋਂ ਪਿੰਡ ਸੈਦੋਕੇ ਨੂੰ ਬਿਜਲੀ ਸਪਲਾਈ ਦੇਣ ਦਾ ਚੱਲ ਰਿਹਾ ਵਿਵਾਦ ਅੱਜ ਮੁੜ ਸਵੇਰੇ ਭਖ਼ ਗਿਆ। ਅੱਜ ਸੁਵੱਖਤੇ ਹੀ ਪੁਲੀਸ ਅਧਿਕਾਰੀਆਂ ਨੇ ਭਾਰੀ ਪੁਲੀਸ ਫੋਰਸ ਨਾਲ ਪਿੰਡ ਤਲਵੰਡੀ ਦੀ ਘੇਰਾਬੰਦੀ ਕਰ ਕੇ ਲੋਕਾਂ ਨੂੰ ਘਰਾਂ ਅੰਦਰ ਬੰਦ ਕਰ ਦਿੱਤਾ ਅਤੇ ਪਿੰਡ ਸੈਦੋਕੇ ਨੂੰ ਬਿਜਲੀ ਸਪਲਾਈ ਦੇਣ ਲਈ ਲਾਈਨ ਨੂੰ ਜੋੜ ਦਿੱਤਾ। ਇਸ ਦੌਰਾਨ ਪਿੰਡ ਦੇ ਕੁਝ ਲੋਕ ਗਰਿੱਡ ’ਚ ਵਿਰੋਧ ਕਰਨ ਲਈ ਪੁੱਜੇ ਤਾਂ ਪੁਲੀਸ ਉਨ੍ਹਾਂ ਨੂੰ ਚੁੱਕ ਕੇ ਲੈ ਗਈ। ਇਸ ਦੇ ਰੋਸ ਵਜੋਂ ਪਿੰਡ ਦੇ ਤਲਵੰਡੀ ਦੇ ਲੋਕਾਂ ਨੇ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਕਾਰੀ ਸਰਪੰਚ ਪਰਮਜੀਤ ਕੌਰ, ਕੁਲਵੰਤ ਸਿੰਘ, ਯਾਦਵਿੰਦਰ ਕੁਮਾਰ, ਰੂਪ ਸਿੰਘ ਅਤੇ ਰਿੰਕੂ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਾਵਰਕਾਮ ਨੂੰ ਆਪਣੇ ਪਿੰਡ ਦੀ ਜ਼ਮੀਨ ਦੇਕੇ ਪਿੰਡ ਵਿੱਚ ਗਰਿੱਡ ਸਥਾਪਤ ਕਰਵਾਇਆ ਸੀ। ਮੋਗਾ ਜ਼ਿਲ੍ਹੇ ਦੇ ਪਿੰਡ ਸੈਦੋਕੇ ਦੇ ਲੋਕ ਆਪਣੀ ਰਾਜਸੀ ਪਹੁੰਚ ਨਾਲ ਬਿਜਲੀ ਸਪਲਾਈ ਲਿਜਾਣਾ ਚਾਹੁੰਦੇ ਸਨ ਜਿਸ ਦਾ ਉਨ੍ਹਾਂ ਦੇ ਪਿੰਡ ਵਾਸੀ ਵਿਰੋਧ ਕਰਦੇ ਸਨ ਪਰ ਅੱਜ ਪੁਲੀਸ ਰਾਹੀਂ ਧੱਕੇ ਨਾਲ ਪਿੰਡ ਦੇ 8 ਵਿਅਕਤੀਆਂ ਨੂੰ ਜਬਰੀ ਚੁੱਕ ਲਿਆ ਅਤੇ ਬਾਅਦ ’ਚ ਧੱਕੇ ਨਾਲ ਗਰਿੱਡ ਤੋਂ ਤਾਰਾਂ ਪਾ ਕੇ ਪਿੰਡ ਸੈਦੋਕੇ ਦੀ ਬਿਜਲੀ ਸਪਲਾਈ ਚਾਲੂ ਕਰਵਾ ਦਿੱਤੀ। ਉਨ੍ਹਾਂ ਕਿਹਾ ਕਿ ਹਲਕੇ ਵਿਧਾਇਕ ਲਾਭ ਸਿੰਘ ਉਗੋਕੇ ਉਨ੍ਹਾਂ ਦਾ ਸਾਥ ਦੇਣ ਦੀ ਬਜਾਏ ਦੂਜੇ ਹਲਕੇ ਦੇ ਲੋਕਾਂ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਕਿਸੇ ਵੀ ਆਗੂ ਨੂੰ ਪਿੰਡ ਨਹੀਂ ਵੜਨ ਦੇਣਗੇ।