ਪੁਲੀਸ ਨੇ ਅਣ-ਅਧਿਕਾਰਤ ਹੜੰਬੇ ਹਟਾਏ
ਕਰੀਬ ਸੌ ਹੜੰਬੇ ਦਿਨ-ਰਾਤ ਫੈਲਾਉਂਦੇ ਸਨ ਪ੍ਰਦੂਸ਼ਣ
Advertisement
ਇੱਥੋਂ ਦੀ ਦਾਣਾ ਮੰਡੀ ਵਿੱਚ ਆਏ ਝੋਨੇ ਦੀ ਸਫਾਈ ਉਪਰੰਤ ਬਚਦੇ ਮਿੱਟੀ-ਘੱਟੇ ਦੀ ਅਣ-ਅਧਿਕਾਰਤ ਤੌਰ ’ਤੇ ਸਫਾਈ ਲਈ ਮੰਡੀ ਦੇ ਆਲੇ-ਦੁਆਲੇ ਸੌ ਦੇ ਕਰੀਬ ਹੜੰਬੇ ਪੁਲੀਸ ਨੇ ਸ਼ਹਿਰ ਵਾਸੀਆਂ ਦੀ ਮੰਗ ਤੋਂ ਬਾਅਦ ਬੰਦ ਕਰਵਾ ਦਿੱਤੇ ਹਨ। ਦੱਸਣਯੋਗ ਹੈ ਕਿ ਇਨ੍ਹਾਂ ਹੜੰਬਿਆਂ ਵਿੱਚੋਂ ਉਠਦੀ ਗਰਦ ਕਾਰਨ ਆਸ-ਪਾਸ ਦੇ ਘਰਾਂ ਦੇ ਲੋਕਾਂ ਦਾ ਸਾਹ ਲੈਣਾ ਦੁੱਭਰ ਹੋ ਜਾਂਦਾ ਸੀ ਅਤੇ ਬਹੁਤ ਸਾਰੇ ਲੋਕ ਸਾਹ ਦੇ ਰੋਗੀ ਬਣ ਗਏ ਸਨ ਜਿਸ ਕਰਕੇ ਸ਼ਹਿਰ ਵਾਸੀਆਂ ਵੱਲੋਂ ਮੁਕਤਸਰ ਦੇ ਡੀਸੀ ਦਫਤਰ ਮੂਹਰੇ ਦਿਨ-ਰਾਤ ਦਾ ਧਰਨਾ ਸ਼ੁਰੂ ਕੀਤਾ ਗਿਆ ਸੀ। ਧਰਨੇ ਦੇ ਦੂਜੇ ਦਿਨ ਬ੍ਰਜੇਸ਼ ਗੁਪਤਾ, ਰਾਕੇਸ਼ ਗੁਪਤਾ, ਲਕਸ਼ਮਣ ਸਿੰਘ, ਮਨਵੀਰ ਸਿੰਘ, ਪੂਰਨ ਸਿੰਘ, ਸੁਰੇਸ਼ ਕੁਮਾਰ ਸਾਗਰ, ਮੁਨਾਲ ਅਰੋੜਾ, ਸ਼ਿਵਮ ਗੁਪਤਾ, ਅੰਗਰੇਜ਼ ਸਿੰਘ ਅਤੇ ਅਸ਼ੋਕ ਚੁੱਘ ਨੇ ਦੱਸਿਆ ਕਿ ਨਵੀਂ ਦਾਣਾ ਮੰਡੀ ਦੇ ਆਸੇ-ਪਾਸੇ ਵੱਡੀ ਗਿਣਤੀ ’ਚ ਅਣ-ਅਧਿਕਾਰਤ ਹੜੰਬੇ ਝੋਨੇ ਦੀ ਰਹਿੰਦ-ਖੂੰਹਦ ਦੀ ਸਫ਼ਾਈ ਵਾਸਤੇ ਲੱਗੇ ਸਨ ਜਿਨ੍ਹਾਂ ਵਿੱਚੋਂ ਜਾਨ ਲੇਵਾ ਧੂੜ-ਮਿੱਟੀ ਉੱਡਦੀ ਹੈ। ਹੜੰਬਿਆਂ ਵਾਲੇ ਸ਼ਹਿਰ ਵਾਸੀਆਂ ਦੀ ਗੱਲ ਸੁਣਨ ਵਾਸਤੇ ਤਿਆਰ ਨਹੀਂ ਸਨ, ਜਿਸ ਕਰਕੇ ਉਨ੍ਹਾਂ ਨੂੰ ਸੰਘਰਸ਼ ਕਰਨਾ ਪਿਆ।ਧਰਨੇ ਵਿੱਚ ਪੁੱਜੇ ਡੀ ਐੱਸ ਪੀ ਪ੍ਰਦੀਪ ਸਿੰਘ ਅਤੇ ਥਾਣਾ ਮੁਖੀ ਨੇ ਭਰੋਸਾ ਦਿੱਤਾ ਕਿ ਅਣ-ਅਧਿਕਾਰਤ ਹੜੰਬੇ ਹਟਾ ਦਿੱਤੇ ਗਏ ਹਨ। ਜੇਕਰ ਭਵਿੱਖ ਵਿੱਚ ਇਹ ਮੁੜ ਚਾਲੂ ਹੋਏ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
Advertisement
Advertisement
