ਕਾਰ ਸਵਾਰਾਂ ਨੂੰ ਬਚਾਉਣ ਵਾਲੇ ਪੁਲੀਸ ਮੁਲਾਜ਼ਮਾਂ ਦਾ ਸਨਮਾਨ
ਇਥੇ ਕੱੱਲ੍ਹ ਸਰਹਿੰਦ ਨਹਿਰ ’ਚ ਡਿੱਗੀ ਕਾਰ ਵਿਚਲੇ ਸਾਰੇ ਦੇ ਸਾਰੇ 11 ਸਵਾਰਾਂ ਨੂੰ ਆਪਣੀ ਜਾਨ ’ਤੇ ਖੇਡ ਕੇ ਬਚਾਉਣ ਵਾਲੇ ਚਾਰ ਪੁਲੀਸ ਕਰਮਚਾਰੀਆਂ ਦਾ ਅੱਜ ਡੀਜੀਪੀ ਤਰਫ਼ੋਂ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਨ੍ਹਾਂ ਕਰਮਚਾਰੀਆਂ ਵੱਲੋਂ ਨਿਭਾਏ ਫ਼ਰਜ਼ਾਂ ਦੀ ਭਰਵੀਂ ਤਾਰੀਫ਼ ਕਰਦਿਆਂ, ਬਾਕੀ ਮੁਲਾਜ਼ਮਾਂ ਨੂੰ ਵੀ ਇਨ੍ਹਾਂ ਤੋਂ ਪ੍ਰੇਰਣਾ ਲੈਣ ਦੀ ਗੱਲ ਆਖੀ ਹੈ।
ਦੱਸ ਦੇਈਏ ਕਿ ਕੱਲ੍ਹ ਜਦੋਂ ਨਹਿਰ ’ਚ ਕਾਰ ਡਿੱਗੀ, ਤਾਂ ਨੇੜੇ ਹੀ ਗਸ਼ਤ ਕਰ ਰਹੀ ਪੁਲੀਸ ਦੀ ਪੀਸੀਆਰ ਟੀਮ ਨੇ ਤੁਰੰਤ ਪਹੁੰਚ ਕੇ ਸਥਾਨਕ ਵੈਲਫ਼ੇਅਰ ਸੰਸਥਾਵਾਂ ਅਤੇ ਰਾਹਗੀਰਾਂ ਦੀ ਮਦਦ ਨਾਲ ਕਾਰ ਦੇ ਸ਼ੀਸ਼ੇ ਤੋੜ ਕੇ ਸਾਰਿਆਂ ਨੂੰ ਨੂੰ ਸੁਰੱਖਿਅਤ ਪਾਣੀ ਵਿੱਚੋਂ ਬਾਹਰ ਕੱਢ ਕੇ ਜਾਨ ਬਚਾਈ ਸੀ। ਇਨ੍ਹਾਂ ਚਾਰ ਮੁਲਾਜ਼ਮਾਂ ਵਿੱਚ ਏਐੱਸਆਈ ਰਾਜਿੰਦਰ ਸਿੰਘ, ਏਐੱਸਆਈ ਨਰਿੰਦਰ ਸਿੰਘ, ਸੀਨੀਅਰ ਸਿਪਾਹੀ ਜਸਵੰਤ ਸਿੰਘ ਅਤੇ ਮਹਿਲਾ ਸੀਨੀਅਰ ਸਿਪਾਹੀ ਹਰਪਾਲ ਕੌਰ ਸ਼ਾਮਲ ਸਨ। ਇਨ੍ਹਾਂ ਮੁਲਾਜ਼ਮਾਂ ਨੂੰ ਡੀਜੀਪੀ ਪੰਜਾਬ ਗੌਰਵ ਯਾਦਵ ਤਰਫ਼ੋਂ ਅੱਜ ਐੱਸਐੱਸਪੀ ਅਮਨੀਤ ਕੌਂਡਲ ਵੱਲੋਂ ਡੀਜੀਪੀ ਕਮਾਂਡੇਸ਼ਨ ਡਿਸਕ ਅਤੇ 25 ਹਜ਼ਾਰ ਦੀ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।