ਪੁਲੀਸ ਨੇ ਕੋਟਕਪੂਰਾ ’ਚ ਤਲਾਸ਼ੀ ਮੁਹਿੰਮ ਚਲਾਈ
ਕੋਟਕਪੂਰਾ ਪੁਲੀਸ ਨੇ ਖੇਤਰ ਵਿੱਚ ਨਸ਼ਾ ਵੇਚਣ ਦੇ ਹਾਟਸਪਾਟ ਅਤੇ ਸੰਵੇਦਨਸ਼ੀਲ ਬਣੇ ਹੋਏ ਖੇਤਰਾਂ ਵਿੱਚ ਅਪਰੇਸ਼ਨ ਕਾਸੋ ਦੌਰਾਨ ਤਲਾਸ਼ੀ ਲਈ। ਇਸ ਮੌਕੇ ਪੁਲੀਸ ਨੇ ਪੂਰੇ ਖੇਤਰ ਨੂੰ ਆਉਣ ਵਾਲੇ ਸਾਰੇ ਰਸਤਿਆਂ ਨੂੰ ਸੀਲ ਕਰਕੇ, ਸ਼ੱਕੀਆਂ ਨੂੰ ਰੋਕ-ਰੋਕ ਅਤੇ ਘਰਾਂ ਵਿੱਚ ਸਾਮਾਨ ਦੀਆਂ ਤਲਾਸ਼ੀਆਂ ਲਈਆਂ। ਲਗਾਤਾਰ ਢਾਈ ਘੰਟੇ ਚੱਲੀ ਤਲਾਸ਼ੀ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਕੋਟਕਪੂਰਾ ਦੇ ਡੀ ਐੱਸ ਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਦੋ ਥਾਣਿਆਂ ਦੇ ਐੱਸ ਐੱਚ ਓ ਦੀ ਅਗਵਾਈ ਹੇਠ ਅੱਠ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿੱਚ 150 ਤੋਂ ਵੱਧ ਪੁਲੀਸ ਕਰਮਚਾਰੀਆਂ ਨੇ ਭਾਗ ਲਿਆ।
ਡੀ ਐਸ ਪੀ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ `ਤੇ ਪਹਿਲਾਂ ਐਨ. ਡੀ. ਪੀ. ਐਸ ਤਹਿਤ ਤਹਿਤ ਮੁਕਦਮੇ ਦਰਜ ਹਨ ਅਤੇ ਉਨ੍ਹਾਂ ਦੇ ਰਿਕਾਰਡ ਨੂੰ ਦੇਖਦਿਆਂ ਪਾਰਟੀਆਂ ਉਨ੍ਹਾਂ ਦੇ ਘਰਾਂ ’ਤੇ ਵੱਧ ਕੇਂਦਰਤ ਕੀਤੀਆਂ ਗਈਆਂ ਹਨ। ਇਸ ਇਲਾਕੇ ਵਿੱਚ ਮੌਜੂਦ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਵੀ ਜਾਂਚ ਕੀਤੀ ਗਈ। ਇਸ ਦੌਰਾਨ ਇੱਕ ਦਰਜਨ ਦੇ ਕਰੀਬ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ। ਐੱਸ ਐੱਸ ਪੀ ਡਾ. ਪ੍ਰਗਿਆ ਜੈਨ ਨੇ ਸਪੱਸ਼ਟ ਕੀਤਾ ਕਿ ਟੀਮਾਂ ਵਿੱਚ ਸ਼ਾਮਲ ਪੁਲੀਸ ਅਧਿਕਾਰੀਆਂ ਨੂੰ ਐਨ ਡੀ ਪੀ ਐਸ ਐਕਟ ਅਧੀਨ ਦਰਜ ਕੇਸਾਂ ਨਾਲ ਸਬੰਧਤ ਵਿਅਕਤੀਆਂ ਦੀ ਬਾਰੀਕੀ ਨਾਲ ਜਾਂਚ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਿ ਨਸ਼ਾ ਪੀੜਿਤਾਂ ਨੂੰ ਨਸ਼ਾ ਛੁਡਾਊ ਕੇਦਰਾਂ ਵਿੱਚ ਵੀ ਭਰਤੀ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਵੰਬਰ ਮਹੀਨੇ ਦੌਰਾਨ 106 ਮੁਕੱਦਮੇ ਦਰਜ ਕਰਕੇ 158 ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਨ੍ਹਾਂ ਕੋਲੋ 2.8 ਕਿਲੋਗ੍ਰਾਮ ਤੋ ਵੱਧ ਹੈਰੋਇਨ, ਇੱਕ ਕਿਲੋਗ੍ਰਾਮ ਅਫੀਮ ਅਤੇ ਛੇ ਕਿੱਲੋ ਪੋਸਤ ਸਮੇਤ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ।
