ਐਨਆਈਆਰ ਨੌਜਵਾਨ ਦੀ ਲੁੱਟ ਦੇ ਮਾਮਲੇ ’ਚੋ ਪੁਲੀਸ ਦੇ ਹੱਥ ਖਾਲੀ !
ਨਜ਼ਦੀਕੀ ਪਿੰਡ ਬੱਡੂਵਾਲ ਦੇ ਐਨਆਈਆਰ ਵਿਅਕਤੀ ਰਾਮ ਸਿੰਘ ਦੀ ਪਿਸਤੌਲ ਦੀ ਨੋਕ ਉੱਤੇ ਕੀਤੀ ਗਈ ਲੁੱਟ ਖੋਹ ਦਾ ਪੁਲੀਸ ਨੂੰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ। ਇਸ ਮਾਮਲੇ ਵਿਚ ਪੁਲੀਸ ਦੇ ਹੱਥ ਅਜੇ ਖਾਲੀ ਹਨ।
ਧਰਮਕੋਟ ਪੁਲੀਸ ਪੂਰੀ ਸਰਗਰਮੀ ਨਾਲ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੀ ਭਾਲ ਵਿੱਚ ਲੱਗੀ ਹੋਈ ਹੈ। ਥਾਣਾ ਮੁਖੀ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲੀਸ ਦੀ ਮੁਢਲੀ ਜਾਂਚ ਵਿੱਚ ਵਾਰਦਾਤ ’ਚੋਂ ਵਰਤੀ ਗਈ ਹੋਂਡਾ ਸਿਟੀ ਕਾਰ ਨੂੰ ਜਾਅਲੀ ਨੰਬਰ ਪਲੇਟ ਲਗਾਈ ਹੋਈ ਸੀ। ਅਸਲ ਨੰਬਰ ਵਾਲੀ ਕਾਰ ਪੁਲੀਸ ਨੂੰ ਕਿਸੇ ਦੇ ਘਰ ਖੜ੍ਹੀ ਮਿਲੀ ਹੈ।
ਇੱਥੇ ਦੱਸਣਯੋਗ ਹੈ ਕਿ 16 ਨਵੰਬਰ ਵਾਲੇ ਦਿਨ ਐਨਆਈਆਰ ਰਾਮ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਬੱਡੂਵਾਲ ਪਿੰਡ ਦੇ ਨਜ਼ਦੀਕ ਆਪਣੇ ਪੁਰਖਿਆਂ ਦੀ ਬਣੀ ਜਗ੍ਹਾ ਉਪਰ ਮੱਥਾ ਟੇਕਣ ਤੋਂ ਬਾਅਦ ਸਫ਼ਾਈ ਕਰ ਰਿਹਾ ਸੀ। ਇਸੇ ਦੌਰਾਨ ਹੀ ਹੋਂਡਾ ਸਿਟੀ ਕਾਰ ਉਸ ਪਾਸ ਆਕੇ ਰੁੱਕੀ ਅਤੇ ਕਾਰ ਸਵਾਰਾਂ ਨੇ ਕਿਸੇ ਦਾ ਪਤਾ ਪੁੱਛਿਆ। ਅਣਪਛਾਤਿਆਂ ਨਾਲ ਗੱਲ ਕਰਨ ਤੋਂ ਬਾਅਦ ਜਦੋਂ ਉਹ ਫਿਰ ਤੋਂ ਸਫਾਈ ਕਰਨ ਲੱਗਾ ਤਾਂ ਉਨ੍ਹਾਂ ਵਿੱਚੋਂ ਇੱਕ ਨੇ ਉਸ ਵੱਲ ਪਿਸਤੌਲ ਤਾਣ ਦਿੱਤਾ ਅਤੇ ਗਲ ਵਿੱਚ ਪਾਈ ਸੋਨੇ ਦੀ ਚੈਨ ਅਤੇ ਹੱਥ ਵਿੱਚ ਪਾਏ ਕੜੇ ਨੂੰ ਉਤਾਰਨ ਲਈ ਕਿਹਾ।
ਐਨਆਈਆਰ ਰਾਮ ਸਿੰਘ ਨੇ ਧਮਕੀ ਤੋਂ ਡਰ ਕੇ ਅਣਪਛਾਤਿਆਂ ਨੂੰ ਪਹਿਨਿਆ ਸੋਨਾ ਅਤੇ ਆਪਣੇ ਦੋ ਮੋਬਾਇਲ ਉਨ੍ਹਾਂ ਨੂੰ ਦੇ ਦਿੱਤੇ ਜਿਸਨੂੰ ਲੈਕੇ ਉਹ ਫ਼ਰਾਰ ਹੋ ਗਏ। ਸੋਨੇ ਅਤੇ ਮੋਬਾਇਲਾਂ ਦੀ ਕੀਮਤ ਪੰਜ ਲੱਖ ਰੁਪਏ ਦੇ ਕਰੀਬ ਦੱਸੀ ਗਈ ਹੈ। ਪੁਲੀਸ ਨੇ ਰਾਮ ਸਿੰਘ ਦੇ ਬਿਆਨਾਂ ਉਪਰ ਥਾਣਾ ਧਰਮਕੋਟ ਵਿਖੇ ਮੁਕੱਦਮਾ ਨੰਬਰ 308 ਦਰਜ ਕਰਕੇ ਦੋਸ਼ੀਆਂ ਦੀ ਸਰਗਰਮੀ ਨਾਲ ਭਾਲ ਆਰੰਭ ਕੀਤੀ ਹੋਈ ਹੈ।
