ਪੁਲੀਸ ਅਪਰਾਧਿਕ ਤੱਤਾਂ ਨਾਲ ਨਜਿੱਠਣ ਵਿੱਚ ਨਾਕਾਮ: ਜਾਖੜ
ਅੱਜ ਅਦਾਲਤੀ ਕੰਪਲੈਕਸ ਦੀ ਪਾਰਕਿੰਗ ਵਿੱਚ ਗੋਲੀਆਂ ਮਾਰ ਕੇ ਕੀਤੇ ਇੱਕ ਨੌਜਵਾਨ ਦੇ ਕਤਲ ’ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਐੱਸ ਡੀ ਐੱਮ ਅਤੇ ਐੱਸ ਪੀ ਦਫ਼ਤਰ ਦੇ ਨਾਲ ਵਾਪਰੀ ਇਸ ਘਟਨਾ ਨੇ ਇੱਕ ਵਾਰ ਫਿਰ ਕਾਨੂੰਨ ਵਿਵਸਥਾ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਹਿਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਪੰਜ ਮਹੀਨੇ ਪਹਿਲਾਂ 7 ਜੁਲਾਈ ਨੂੰ ਨਿਊ ਵੇਅਰਵੈੱਲ ਐਂਪੋਰੀਅਮ ਦੇ ਬਾਹਰ ਪ੍ਰਸਿੱਧ ਕਾਰੋਬਾਰੀ ਸੰਜੈ ਵਰਮਾ ਦੀ ਗੋਲੀ ਮਾਰ ਕੇ ਹੱਤਿਆ ਦੇ ਤਿੰਨ ਮੁੱਖ ਦੋਸ਼ੀਆਂ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਹੈ। ਅੱਜ ਅਦਾਲਤ ਦੇ ਬਾਹਰ ਦਿਨ-ਦਿਹਾੜੇ ਕੀਤੇ ਗਏ ਕਤਲ ਨੇ ਸਾਬਤ ਕਰ ਦਿੱਤਾ ਹੈ ਕਿ ਰਾਜਨੀਤਿਕ ਦਖਲਅੰਦਾਜ਼ੀ ਕਾਰਨ ਪੰਜਾਬ ਪੁਲੀਸ ਅਪਰਾਧਕ ਤੱਤਾਂ ਨਾਲ ਨਜਿੱਠਣ ਵਿੱਚ ਪੂਰੀ ਤਰ੍ਹਾਂ ਨਾਕਾਮ ਹੈ। ਅੱਜ ਦੀ ਗੋਲੀਬਾਰੀ ਨੇ ਨਾ ਸਿਰਫ਼ ਇਨਸਾਫ਼ ਮੰਗਣ ਆਏ ਦਰਜਨਾਂ ਆਮ ਨਾਗਰਿਕਾਂ ਵਿੱਚ, ਸਗੋਂ ਵਕੀਲ ਭਾਈਚਾਰੇ ਵਿੱਚ ਵੀ ਡਰ ਪੈਦਾ ਕਰ ਦਿੱਤਾ ਹੈ। ਅਜਿਹੀ ਘਟਨਾ ਕਈ ਹੋਰ ਲੋਕਾਂ ਦੀ ਜਾਨ ਲੈ ਸਕਦੀ ਸੀ। ਵਿਧਾਇਕ ਨੇ ਕਿਹਾ ਕਿ ਇਹ ਮੁੱਦਾ ਵਾਰ-ਵਾਰ ਉਠਾਇਆ ਗਿਆ ਹੈ ਕਿ ਕਈ ਸਥਾਨਕ ਮੁਹੱਲਿਆਂ ਵਿੱਚ ਅਪਰਾਧਿਕ ਤੱਤਾਂ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਲੈ ਕੇ ਆਪਸੀ ਰੰਜਿਸ਼ ਨੂੰ ਹਿੰਸਕ ਘਟਨਾਵਾਂ ਵਿੱਚ ਬਦਲ ਦਿੱਤਾ ਹੈ। ਪੁਲੀਸ ਸਿਰਫ਼ ਸਿਲਵਰ ਫੋਇਲ ਅਤੇ ਡੋਪ ਟੈਸਟਾਂ ਨਾਲ ਸਬੰਧਤ ਮਾਮਲੇ ਦਰਜ ਕਰਕੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨੂੰ ਕੰਟਰੋਲ ਕਰਨ ਦਾ ਦਾਅਵਾ ਕਰਦੀ ਹੈ। ਇਸ ਸਾਲ ਅਪਰਾਧਿਕ ਤੱਤਾਂ ਵਿਚਕਾਰ ਸੈਂਕੜੇ ਝੜਪਾਂ ਹੋਈਆਂ ਹਨ ਪਰ ਪੁਲੂਸ ਨੇ ਦੋਸ਼ੀਆਂ ਨੂੰ ਰੋਕਣ ਲਈ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਹੈ।
